ਸਫਰ ਸਮਾਪਤੀ ਦੀ ਵੀਡਿਓ। ਸੱਤ ਸਟੇਟਾਂ ਦੀ ਸਾਇਕਲਿੰਗ। Travelling in north east| last video of this journey ।
#ghudda #cycling #punjab #dev #nature #mountains #northeast #fitness #travel ਲੱਦਾਖ ਘੁੰਮਦਿਆਂ ਸਲਾਹ ਬਣਾਈ ਸੀ ਕਿ ਕਦੇ ਉੱਤਰ ਪੂਰਬੀ ਭਾਰਤ ਦੇ ਰੰਗ ਦੇਖਾਂਗੇ। ਪੰਜਾਬੋਂ ਤਿੰਨ ਹਜ਼ਾਰ ਕਿਲੋਮੀਟਰ ਦੂਰ ਇਸ ਧਰਤੀ ਤੇ ਸਿਰਫ ਸਾਡੇ ਟਰੱਕ ਡਰਾਇਵਰ ਜਾਂ ਫੌਜੀ ਪਹੁੰਚੇ ਨੇ। ਨਿੱਕੇ ਹੁੰਦੇ ਇਹਨਾਂ ਸਟੇਟਾਂ ਦੇ ਨਾਂ ਪੜ੍ਹਦੇ ਹੁੰਦੇ ਸੀ। ਤਿੰਨ ਜਨਵਰੀ ਸਵੇਰੇ ਤਿੰਨ ਵਜੇ ਅਸੀਂ ਅਸਾਮ ਦੇ ਸ਼ਹਿਰ ਬੁਗਾਈਗਾਓਂ ਦੇ ਰੇਲਵੇ ਸਟੇਸ਼ਨ ਤੇ ਉੱਤਰੇ। ਸਾਇਕਲ ਕਸੇ ਤੇ ਸੱਤਾਂ ਸਟੇਟਾਂ ਦਾ ਸਫਰ ਸ਼ੁਰੂ ਕੀਤਾ। ਅਸਾਮ, ਅਰੁਣਾਚਲ , ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ ਤੇ ਮੇਘਾਲਿਆ। ਸਾਨੂੰ ਲੱਗਦਾ ਸੀ ਗੁਹਾਟੀ ਤੋਂ ਅੱਗੇ ਕੋਈ ਪੰਜਾਬੀ ਨਹੀਂ ਮਿਲਣਾ। ਪਰ ਇਹ ਵਹਿਮ ਵੀ ਨਾਲ਼ੋਂ ਨਾਲ ਟੁੱਟਦਾ ਗਿਆ। ਖੱਬਲ ਵਰਗੇ ਪੰਜਾਬੀ ਜਿੱਥੇ ਗਏ, ਭੋਰਾ ਜੜ੍ਹ ਲੱਗੀ ਤੇ ਹਰੇ ਹੁੰਦੇ ਗਏ। ਕਿਧਰੇ ਤਵਾਂਗ ਦੀਆਂ ਬਰਫ਼ਾਂ ਤੇ ਸਾਇਕਲ ਚਲਾਏ ਤੇ ਕਿਧਰੇ ਤ੍ਰਿਪੁਰਾ ਦੀਆਂ ਟੁੱਟੀਆਂ ਸੜਕਾਂ ਤੇ ਮੁੜ੍ਹਕੋ ਮੁੜ੍ਹਕੀ ਹੋਏ। ਕਈਆਂ ਸਾਨੂੰ ਕਿਹਾ,”ਨਾਗਾਲੈਂਡ ਤੋਂ ਤੁਸੀਂ ਸੁੱਕੇ ਨਹੀਂ ਮੁੜਦੇ”। ਓਹੀ ਉਜਾੜ ਸੁੰਨੇ ਰਾਹਾਂ ਤੇ ਅਸਲਾ ਚੱਕੀ ਫਿਰਦੇ ਅੰਡਰਗਰਾਊਂਡਾਂ ਨੇ ਹੱਥ ਹਿਲਾਕੇ ਕਿਹਾ,”ਵੈੱਲਕਮ ਟੂ ਨਾਗਾਲੈਂਡ”। ਕਾਜੀਰੰਗਾ, ਤਵਾਂਗ, ਜੂਕੋ ਵੈਲੀ, ਲੋਕਤਕ ਝੀਲ, ਚਿਰਾਪੂੰਜੀ, ਡਾਓਕੀ ਦਰਿਆ ਕਮਾਲ ਥਾਂਵਾਂ ਦੇਖੀਆਂ। ਟਰੱਕ ‘ਚੋਂ ਉੱਤਰਿਆ ਕੋਈ ਬਜ਼ੁਰਗ ਪੰਜਾਬੀ ਡਰਾਇਵਰ ਗੀਝੇ ‘ਚੋਂ ਨੋਟ ਕੱਢਕੇ ਫੜ੍ਹਾਓਂਦਿਆਂ ਕਹਿੰਦਾ,”ਲਓ ਚਾਹ ਪਾਣੀ ਛਕਲਿਓ” ਤਾਂ ਸਾਡਾ ‘ਧੰਨਵਾਦ’ ਸ਼ਬਦ ਵੀ ਵੁੱਕਤ ਗਵਾ ਬੈਠਦਾ। ਸ਼ਿਲੌੰਗ ਦੇ ‘ਰੇਨਬੋ’ ਹੋਟਲ ਦੇ ਮਾਲਕ ਨੇ ਦੋ ਦਿਨ ਰਹਿਣ ਖਾਣ ਦੇ ਪੈਸੇ ਤਾਂ ਕੀ ਲੈਣੇ ਸੀ ਉੱਤੋਂ ਤੋਹਫ਼ਾ ਦੇਕੇ ਜੱਫੀ ਪਾਕੇ ਕਹਿੰਦਾ,”ਮੁਝੇ ਸਰਦਾਰੋਂ ਕੀ ਸੇਵਾ ਕਾ ਮੌਕਾ ਮਿਲਾ”। ਅਸੀਂ ਕੌਮ ਦੀ ਕੀਤੀ ਕਮਾਈ ਖਾਕੇ ਮੁੜੇ ਰਹੇ ਆ ਤੇ ਜਿੰਨੇ ਜੋਗੇ ਸੀ, ਭੋਰਾ ਸ਼ਾਨ ਵਧਾਓਣ ‘ਚ ਸਫਲ ਵੀ ਹੋਏ। 200 ਸਾਲ ਪਹਿਲਾਂ ਵਿੱਛੜੇ ਬਰਕੋਲਾ ਦੇ ਸਿੱਖ ਨਿੱਤ ਆਥਣੇ ਤੜਕੇ ਸਾਨੂੰ ਫ਼ੋਨ ਕਰਦੇ ਨੇ,”ਹਾਂ, ਕਹਾਂ ਪਹੁੰਚ ਗਏ, ਕੋਈ ਤਕਲੀਫ਼ ਹੋ ਤੋ ਬਤਾ ਦੇਣਾ”। ਪਹਾੜਾਂ, ਕਬੀਲਿਆਂ, ਦਰਿਆਵਾਂ, ਝਰਨਿਆਂ , ਨਾਲਿਆਂ , ਝੀਲਾਂ ਦੇ ਨਾਲ ਨਾਲ ਇਹ ਬੇਹੱਦ ਸੋਹਣਾ ਤੇ ਸ਼ਾਨਦਾਰ ਸਫਰ ਸੀ। ਗੁਰੂ ਸਾਹਬ ਅੰਗ ਸੰਗ ਸਹਾਈ ਹੋਏ ਤੇ ਸਾਰੇ ਪਾਸੇ ਸਾਨੂੰ ਢੋਈ ਮਿਲਦੀ ਗਈ। ਸਾਇਕਲ ਵੀ ਓਥੇ ਖ਼ਰਾਬ ਹੋਇਆ ਜਿੱਥੇ ਨਾਲ ਦੀ ਨਾਲ ਹੱਲ ਹੋ ਸਕਦਾ ਸੀ। ਅਗਲੇ ਸ਼ਹਿਰ ‘ਚ ਬੈਠੇ ਸਿੱਖ ਪਰਿਵਾਰ ਸਾਨੂੰ ਉਡੀਕ ਰਹੇ ਹੁੰਦੇ ਸੀ। ਬੁਗਾਈਗਾਓਂ ਤੇ ਸ਼ੁਰੂ ਹੋਇਆ ਇਹ ਸਫਰ ਅੱਜ ਗੁਹਾਟੀ ਬੇਲਤਲਾ ਦੇ ਗੁਰਦੁਆਰਾ ਸਾਹਿਬ ‘ਚ ਸ਼ੁਕਰਾਨੇ ਦੀ ਅਰਦਾਸ ਨਾਲ ਸਮਾਪਤ ਕਰਾਂਗੇ। ਚੜ੍ਹਦੀ ਕਲਾ…..ਘੁੱਦਾ