\'ਭੰਗ ਪੀਣੇ\' ਬਣਾ ਧਰਿਆ | Nihangz Defination | Surkhab TV
'ਭੰਗ ਪੀਣੇ' ਬਣਾ ਧਰਿਆ | Nihangz Defination | Surkhab TV #Nihang #Khalsa #SurkhabTV ਨਿਹੰਗ ਸਿੰਘ : ਗੁਰੂ ਗੋਬਿੰਦ ਸਿੰਘ ਜੀ ਦੀ ਲਾਡਲੀ ਫ਼ੌਜ ਵਜੋਂ ਪ੍ਰਸਿੱਧ ਨਿਹੰਗ ਸਿੰਘ ਸਿੱਖ ਧਰਮ ਦੇ ਪੁਰਾਤਨ ਜੰਗੀ ਸਰੂਪ ਅਤੇ ਆਚਾਰ ਨੂੰ ਅਪਣਾ ਕੇ ਚਲਣ ਵਾਲਾ ਇਕ ਅਜਿਹਾ ਧਰਮ-ਸਾਧਕ ਹੈ ਜੋ ਸੀਸ ਉਪਰ ਫਰਹਰੇ ਵਾਲਾ ਉੱਚਾ ਦੋਮਾਲਾ ਸਜਾਉਂਦਾ ਹੈ ਅਤੇ ਕਈ ਪ੍ਰਕਾਰ ਦੇ ਸ਼ਸਤ੍ਰਾਂ ਜਿਵੇਂ ਚੱਕਰ , ਖੰਡਾ , ਕ੍ਰਿਪਾਨ , ਭਾਲਾ , ਬੰਦੂਕ , ਤੋੜਾ , ਗਜਗਾਹ ਆਦਿ ਨਾਲ ਸੁਸਜਿਤ ਹਰ ਵਕਤ ਤਿਆਰ-ਬਰ-ਤਿਆਰ ਰਹਿੰਦਾ ਹੈ। ਇਸ ਪਾਸ ਲੋਹੇ ਦਾ ਗੜਵਾ , ਮਾਲਾ ਅਤੇ ਹੋਰ ਲੋੜੀਂਦਾ ਸਾਮਾਨ ਹਰ ਵਕਤ ਮੌਜੂਦ ਰਹਿੰਦਾ ਹੈ। ਨਿਹੰਗ ਫ਼ਾਰਸੀ ਬੋਲੀ ਦਾ ਸ਼ਬਦ ਹੈ; ਜਿਸ ਦੇ ਅਰਥ ਹਨ- ਖੜਗ, ਤਲਵਾਰ, ਕਲਮ, ਲੇਖਣੀ, ਮਗਰਮੱਛ, ਘੜਿਆਲ, ਘੋੜਾ, ਦਲੇਰ, ਨਿਰਲੇਪ, ਆਤਮ ਗਿਆਨੀ, ਜਿਸ ਨੂੰ ਮੌਤ ਦੀ ਚਿੰਤਾ ਨਾ ਹੋਵੇ। ਇਨ੍ਹਾਂ ਨੂੰ ‘ ਅਕਾਲੀ ’ ਅਥਵਾ ‘ ਅਕਾਲੀ ਨਿਹੰਗ’ ਵੀ ਕਿਹਾ ਜਾਂਦਾ ਸੀ ਕਿਉਂਕਿ ‘ ਅਕਾਲ ’ ਦੇ ਉਪਾਸਕ ਹੋਣ ਕਾਰਣ ਇਹ ਵੀ ਕਾਲ ਦੇ ਪ੍ਰਭਾਵ ਤੋਂ ਮੁਕਤ ਸਨ। ਇਹ ਕਿਸੇ ਦੁਨਿਆਵੀ ਰਾਜ ਜਾਂ ਤਾਕਤ ਦੇ ਅਧੀਨ ਨਹੀਂ ਹੁੰਦੇ,ਸਿਰਫ ਅਕਾਲ ਪੁਰਖ ਦੇ ਅਧੀਨ ਹੁੰਦੇ ਹਨ। ਅੰਗਰੇਜਾਂ ਵੇਲੇ ਵੀ ਜਿਥੇ ਬਾਕੀ ਸਿੱਖ ਛੋਟੀ ਸ੍ਰੀ ਸਾਹਿਬ ਧਾਰਨ ਕਰਦੇ ਸਨ ਓਥੇ ਨਿਹੰਗ ਸਿੰਘਾਂ ਨੂੰ ਕੋਈ ਪਬੰਦੀ ਨਹੀਂ ਸੀ। ਜੋ ਕੱਲ ਪਰਸੋਂ ਪਟਿਆਲੇ ਦੀ ਘਟਨਾ ਵਾਪਰੀ ਹੈ ਉਸਨੇ ਨਵੀਂ ਚਰਚਾ ਛੇੜੀ ਹੈ ਤੇ ਉਸ ਚਰਚਾ ਵਿਚ ਨਿਹੰਗਾਂ ਨੂੰ ਭੰਗ ਪੀਣੇ,ਐਬੀ,ਮੀਟ ਖਾਣ ਵਾਲੇ,ਅਨਪੜ,ਬੱਕਰੇ ਵੱਢਣ ਵਾਲੇ,ਹਰ ਵੇਲੇ ਲੜਨ ਵਾਲੇ ਤੇ ਹੋਰ ਕਈ ਤਰਾਂ ਦੀਆਂ ਗੱਲਾਂ ਨਾਲ ਬਦਨਾਮ ਕੀਤਾ ਜਾ ਰਿਹਾ ਹੈ। ਸੋ ਅਸੀਂ ਕੁਝ ਇਤਿਹਾਸਕ ਘਟਨਾਵਾਂ ਦਾ ਜਿਕਰ ਕਰਨ ਲੱਗੇ ਹਾਂ ਜੋ ਨਿਹੰਗਾਂ ਨੂੰ ਬੁਰਾ ਭਲਾ ਕਹਿਣ ਵਾਲੇ ਲੋਕਾਂ ਦੇ ਮੂੰਹ ਬੰਦ ਕਰਨ ਨੂੰ ਹਨ। ਅਸੀਂ ਪਤੀਲੇ ਦੇ ਮਾਮਲੇ ਨੂੰ ਵੱਖਰਾ ਰੱਖਕੇ ਨਿਹੰਗ ਬਾਣੇ ਨੂੰ Target ਕਰਨ ਵਾਲਿਆਂ ਨੂੰ ਜਵਾਬ ਦਵਾਂਗੇ ਖਾਸ ਕਰਕੇ ਉਹ ਲੋਕ ਜਿਹੜੀ ਸਿੱਖੀ ਨੂੰ ਨਫਰਤ ਕਰਦੇ ਹਨ ਤੇ ਇਸ ਘਟਨਾ ਨੂੰ ਅਧਾਰ ਬਣਾਕੇ ਉਹਨਾਂ ਨੇ ਸਮੁੱਚੀ ਕੌਮ ਨੂੰ ਨਿਹੰਗਾਂ ਦੀ ਕੌਮ ਤੇ ਅੱਤਵਾਦੀ ਕਹਿਕੇ ਟਾਰਗੇਟ ਕੀਤਾ। ਗੱਲ ਖਾਲਸਾ ਰਾਜ ਦੀ ਕਰਾਂਗੇ। ਅੰਗਰੇਜ ਹਕੂਮਤ ਦੇ ਦੋ ਬਾਗੀ ਪਿਉ ਪੁੱਤਰ ਭੱਜ ਕੇ ਪੰਜਾਬ ਆਕੇ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਰਣ ਆ ਗਏ। ਅੰਗਰੇਜਾ ਨੇ ਪੰਜਾਬ ਨਾਲ ਕਈ ਤਰਾਂ ਦੀਆਂ ਸੰਧੀਆਂ ਕੀਤੀਆ ਸਨ ਜਿਸ ਵਿੱਚ ਇਹ ਵੀ ਇੱਕ ਸ਼ਰਤ ਸੀ ਕਿ ਇੱਕ ਦੂਜੇ ਮੁਲਖ ਦੇ ਭਗੌੜੇ ਦੋਸ਼ੀਆਂ ਨੂੰ ਸ਼ਰਣ ਨਾਂ ਦੇ ਕੇ ਉਹਨਾਂ ਨੂੰ ਮੁਲ਼ਕ ਨੂੰ ਸੌਪਿਆਂ ਜਾਵੇਗਾ। ਜਿਵੇਂ ਅਜਕਲ ਵੀ ਹੁੰਦਾ ਹੈ ਕਿ ਜੇਕਰ ਇੱਕ ਮੁਲਕ ਦਾ ਕੋਈ ਦੋਸ਼ੀ ਭਗੌੜਾ ਦੂਜੇ ਮੁਲਕ ਵਿਚ ਫੜਿਆ ਜਾਵੇ ਤਾਂ ਉਹ ਮੁਲਕ ਉਸਨੂੰ ਸਬੰਧਿਤ ਦੋਸ਼ੀ ਦੇ ਮੁਲਕ ਨੂੰ ਸੌੰਪ ਦਿੰਦਾ ਹੈ। ਖੈਰ,ਅੰਗਰੇਜ ਉਹਨਾਂ ਭੱਜੇ ਬਾਗੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਪਹੁੰਚੇ ਕਿਉਂਕਿ ਉਸ ਵਕ਼ਤ ਅੰਗਰੇਜਾਂ ਦੀ ਪੰਜਾਬ ਨਾਲ ਇਹ ਸੰਧੀ ਸੀ। ਮਹਾਰਾਜਾ ਰਣਜੀਤ ਸਿੰਘ ਨੇਂ ਆਪਣੇ ਸਲਾਹਕਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਪਾਸ ਭੇਜੇ ਤੇ ਕਿਹਾ ਕਿ ਇਹ ਅੰਗਰੇਜ ਹਕੂਮਤ ਦੇ ਲੋੜੀਦੇਂ ਹਨ ਇਹਨਾਂ ਨੂੰ ਵਾਪਿਸ ਹਿੰਦੂਸਤਾਨ ਭੇਜਣਾ ਪਵੇਗਾ,ਸਾਡੀ ਉਹਨਾਂ ਨਾਲ ਸੰਧੀ ਹੈ। ਅਕਾਲੀ ਬਾਬਾ ਫੂਲਾ ਸਿੰਘ ਨੇ ਉਹਨਾਂ ਸਲਾਹਕਾਰਾਂ ਨੂੰ ਮੁੜਦੇ ਪੈਰੀ ਵਾਪਿਸ ਭੇਜ ਦਿੱਤਾ ਤੇ ਕਿਹਾ ਕਿ ਆਪਣੇ ਬਾਦਸ਼ਾਹ ਯਾਨੀ ਮਹਾਰਾਜਾ ਰਣਜੀਤ ਸਿੰਘ ਨੂੰ ਕਹਿ ਦਿਓ ਕਿ ਜੋ ਇੱਕ ਵਾਰ ਖਾਲਸੇ ਦੀ ਸ਼ਰਣ ਢੁਕਿਆ ਹੈ ਉਹ ਖਾਲਸੇ ਦੀ ਜਿੰਮੇਵਾਰੀ ਹੈ। ਅਕਾਲੀ ਜੀ ਦਾ ਇਹ ਜੁਆਬ ਸੁਣ ਮਹਾਰਾਜਾ ਰਣਜੀਤ ਸਿੰਘ ਆਪ ਬੇਨਤੀ ਲੈ ਉਹਨਾਂ ਕੋਲ ਪਹੁੰਚਿਆ ਤੇ ਸਿਰ ਨੀਵਾਂ ਕਰ ਅਰਜ ਕੀਤੀ ਕਿ ਰਾਜਨਿਤਿਕ ਕਾਰਨਾਂ ਕਰਕੇ ਇਹਨਾਂ ਬਾਗੀਆਂ ਨੂੰ ਅੰਗਰੇਜਾ ਨੂੰ ਸੌਪਣ ਚ ਹੀ ਫਾਇਦਾ ਹੈ। ਇਹ ਸੁਣ ਅਕਾਲੀ ਜੀ ਗੁੱਸੇ ਚ ਆ ਕੇ ਬੋਲੇ ਕਿ ਗੁਰੂ ਦਾ ਹੁਕਮ ਹੈ ਕਿ ਜਿਹੜਾ ਸ਼ਰਣ ਚ ਆਇਆ ਉਹਦੀ ਰਾਖੀ ਖਾਲਸੇ ਦਾ ਧਰਮ ਹੈ। ਮਹਾਰਾਜਾ ਰਣਜੀਤ ਸਿੰਘ ਨੇ ਮੁੜ ਆਣ ਅੰਗਰੇਜਾ ਨੂੰ ਕਿਹਾ ਕਿ ਹੋਰ ਜੋ ਚਾਹੇ ਮੰਗ ਲੋ ਪਰ ਉਹ ਬਾਗੀ ਪਿਉ ਪੁੱਤ ਤੁਹਾਨੂੰ ਨਹੀਂ ਸੌਪੇ ਜਾ ਸਕਦੇ,ਕਿਉਂਕਿ ਉਹ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਨ ਨਹੀਂ,ਅਕਾਲ ਪੁਰਖ ਦੀ ਫੌਜ ਨਿਹੰਗ ਫੌਜ ਦੀ ਸ਼ਰਨ ਵਿਚ ਹਨ ਤੇ ਉਸ ਫੌਜ ਤੇ ਮਹਾਰਾਜਾ ਰਣਜੀਤ ਸਿੰਘ ਦਾ ਵੀ ਕੋਈ ਹੁਕਮ ਨਹੀਂ ਚਲਦਾ। ਅੰਗਰੇਜ ਨਰਾਜ ਹੋਏ ਪਰ ਬੇਵੱਸ ਸਨ,ਕੁਝ ਕਰ ਨਾਂ ਸਕੇ। ਦੂਜੀ ਘਟਨਾ ਵੀ ਇਤਿਹਾਸ ਚੋਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਹੀ ਹੈ। ਕੋਈ ਵਿਦੇਸ਼ੀ ਇਤਿਹਾਸਕਾਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਆਇਆ। ਮਹਾਰਾਜੇ ਨਾਲ ਉਸ ਦੀ ਮਿਲਣੀ ਮਹਿਲ ਵਿਚ ਹੋਈ। ਮਹਾਰਾਜੇ ਨਾਲ ਗੱਲ ਬਾਤ ਦੌਰਾਨ ਉਹ ਇਤਿਹਾਸਕਾਰ ਆਲੇ ਦੁਆਲੇ ਦੇਖ ਕੇ ਕੁਝ ਹੈਰਾਨ ਜਿਹਾ ਹੋ ਰਿਹਾ ਸੀ। ਅੰਤ ਕਾਫੀ ਸਮੇਂ ਪਿੱਛੋਂ ਉਸ ਨੇ ਮਹਾਰਾਜੇ ਨੂੰ ਕਿਹਾ, ਮਹਾਰਾਜ ਤੁਹਾਡੇ ਰਾਜ ਦੀਆਂ ਧੁੰਮਾਂ ਪੂਰੇ ਸੰਸਾਰ ਵਿਚ ਪਈਆਂ ਹੋਈਆਂ ਨੇ, ਕਾਬਲ ਕੰਧਾਰ ਤੋਂ ਲੈ ਕੇ ਚੀਨ ਤੱਕ ਤੁਹਾਡਾ ਸਿੱਕਾ ਚੱਲਦਾ ਹੈ। ਪਰ ਮਹਾਰਾਜ ਮੈਂ ਹੈਰਾਨ ਹਾਂ ਕਿ ਤੁਹਾਡੇ ਮਹਿਲ ਦੇ ਸੀਸ਼ੇ ਕਈ ਥਾਵਾਂ ਤੋਂ ਟੁੱਟੇ ਹੋਏ ਹਨ, ਕੀ ਕਾਰਨ ਹੈ? ਉਸ ਦੀ ਗੱਲ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਪਹਿਲਾਂ ਤਾਂ ਕੁਝ ਹੱਸੇ ਤੇ ਫੇਰ ਬੋਲੇ, ਅੰਮ੍ਰਿਤਸਰ ਤੋਂ ਅਕਾਲੀ ਨਿਹੰਗ ਸਿੰਘ ਆਉਂਦੇ ਨੇ, ਘੋੜਿਆਂ ਤੇ ਚੜ੍ਹ ਕੇ। ਮਹਿਲ ਦੇ ਬਾਹਰ ਆ ਕੇ ਗੋਲੀਆਂ ਚਲਾਉਦੇਂ ਨੇ ਤੇ ਵੱਟਿਆਂ-ਪੱਥਰਾਂ ਨਾਲ ਮਹਿਲ ਦੇ ਸੀਸ਼ੇ ਤੋੜ ਦਿੰਦੇ ਨੇ। ਹਰ ਵਾਰ ਉੱਚੀ-ਉੱਚੀ ਬੋਲ ਕੇ ਮੈਨੂੰ ਯਾਦ ਕਰਵਾ ਕੇ ਜਾਂਦੇ ਨੇ "ਕਾਣਿਆਂ-ਕਾਣਿਆਂ ਇਹ ਤੇਰਾ ਰਾਜ ਨਹੀਂ ਖਾਲਸੇ ਦਾ ਰਾਜ ਹੈ।" ਵਿਦੇਸ਼ੀ ਇਤਿਹਾਸਕਾਰ ਸੁਣ ਕੇ ਦੰਗ ਰਹਿ ਗਿਆ। ਪਹਿਲੀ ਵਾਰ ਸੁਣਨ ਵਿਚ ਇਹ ਘਟਨਾਂ ਭਾਵੇਂ ਥੋੜੀ ਓਪਰੀ ਲੱਗੇ, ਪਰ ਅਸਲ ਵਿਚ ਇਸ ਵਿਚੋਂ ਦਿਸਦਾ ਹੈ ਨਿਹੰਗ ਸਿੰਘਾਂ ਦਾ ਅਸਲੀ ਸਰੂਪ, ਜਿਹੜਾ ਵੈਰੀ ਤੋਂ ਤਾਂ ਡਰਨਾ ਹੀ ਕੀ ਸੀ ਸਗੋਂ ਜੇ ਕਦੇ ਆਪਣੇ ਰਾਜੇ ਜਾਂ ਆਗੂ ਤੋਂ ਵੀ ਕੋਈ ਗਲਤੀ ਹੁੰਦੀ ਦਿਸੀ ਤਾਂ ਉਸ ਮੂਹਰੇ ਵੀ ਉਸੇ ਨਿਡਰਤਾ ਨਾਲ ਅੜ ਕੇ ਖੜ੍ਹਿਆ ਤੇ ਉਸ ਨੂੰ ਗਲਤੀ ਦਾ ਅਹਿਸਾਸ ਕਰਵਾਇਆ। ਇਹ ਹੈ ਨਿਹੰਗਾਂ ਦਾ ਜੀਵਨ,ਇਹ ਹੈ ਅਕਾਲੀ ਫੌਜਾਂ ਦਾ ਜੀਵਨ ਜਿਸਨੂੰ ਅੱਜ ਦੇ ਸਮੇਂ ਬਦਨਾਮ ਕਰਨ ਦੀਆਂ ਸਾਜਿਸ਼ ਤੇ ਕੋਸ਼ਿਸ਼ਾਂ ਹੋ ਰਹੀਆਂ ਤੇ ਸਭ ਤੋਂ ਵੱਧ ਹੈਰਾਨਗੀ ਇਹ ਕਿ ਸਿਰਾਂ ਦੇ ਪੱਗਾਂ ਬੰਨਣ ਵਾਲੇ ਇਸ ਅਕਾਲੀ ਸਰੂਪ ਖਿਲਾਫ ਬਕਵਾਸ ਕਰਨ ਲੱਗੇ ਰਤਾ ਸ਼ਰਮ ਨਹੀਂ ਕਰਦੇ। ਐਸੇ ਲੋਕਾਂ ਬਾਰੇ ਇਹੀ ਕਿਹਾ ਜਾ ਸਕਦਾ ਕਿ ਜਿਹੜਾ ਸਿਰ ਤੇ ਪੱਗ ਬੰਨਕੇ ਨਿਹੰਗ ਬਾਣੇ ਨੂੰ ਬਦਨਾਮ ਕਰੇ,ਓਹਦੇ ਸਿਰ ਤੇ ਪੱਗ ਨਹੀਂ,ਬੱਸ ਕਪਾਹ ਲਪੇਟੀ ਹੋਈ ਹੈ।