Worldwide praise for the Guru Granth Sahib Ji | Surkhab TV
Guru Granth Sahib ਅਤੇ ਦੁਨੀਆਭਰ ਦੇ ਵਿਦਵਾਨ | Worldwide praise for the Guru Granth Sahib | Surkhab TV #GuruGranthSahib #Sikhism #SurkhabTV ** ਸੁਆਮੀ ਰਾਮਤੀਰਥ ਦੰਡੀ ਸੰਨਿਆਸੀ : ਸੁਆਮੀ ਰਾਮਤੀਰਥ ਜੀ ਧਰਮ ਅਤੇ ਭਾਰਤੀ ਸੰਸਕ੍ਰਿਤੀ ਦੇ ਮਹਾਨ ਦਾਰਸ਼ਨਿਕ ਅਤੇ ਵਿਦਵਾਨ ਸਨ। ਉਨ੍ਹਾਂ ਨੇ ਵੇਦਾਂ, ਪੁਰਾਣਾਂ, ਸਿਮਰਤੀਆਂ ਅਤੇ ਉਪਨਿਸ਼ਦਾਂ ਦੀ ਖੋਜ ਕਰਕੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ ਕਰਨ ਉਪਰੰਤ ਸੁਆਮੀ ਜੀ ਨੇ ਫ਼ੁਰਮਾਇਆ, 'ਜੀਵਨ ਭਰ ਮੈਂ ਸਾਧੂ-ਸੰਤੋਂ ਕੀ ਸੰਗਤ ਕੀ, ਤਪ ਸਾਧੇ ਔਰ ਤੀਰਥ ਭ੍ਰਮਣ ਕੀਆ। ਅੰਤ ਇਸ ਨਿਸ਼ਚੈ ਪਰ ਪਹੁੰਚਾ ਹੂੰ ਕਿ ਜੋ ਕੁਛ ਗੁਰੂ-ਘਰ ਮੇਂ ਹੈ ਉਸ ਸੇ ਉੱਤਮ ਔਰ ਕਹੀਂ ਨਹੀਂ।' ਆਪ ਨੇ ਸਿੱਖ ਧਰਮ ਦੀ ਜੀਵਨ-ਜਾਚ ਦਾ ਅਧਿਐਨ ਕਰਕੇ ਇਕ ਪੁਸਤਕ ਲਿਖੀ 'ਸਰਬੋਤਮ ਆਦਿ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ'। ਇਸ ਪੁਸਤਕ ਵਿਚ ਆਪ ਲਿਖਦੇ ਹਨ, 'ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਹਾਂਕਲਿਆਣਕਾਰੀ ਬਾਣੀ ਹੈ, ਕਿਉਂਕਿ ਇਸ ਦਾ ਉਪਦੇਸ਼ ਕਿਸੇ ਇਕ ਵਰਗ ਲਈ ਨਹੀਂ ਸਗੋਂ ਸਮੂਹ ਮਾਨਵਤਾ ਲਈ ਹੈ।' ** ਡਾ: ਰਾਧਾ ਕ੍ਰਿਸ਼ਨਨ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਡੂੰਘੇ ਅਧਿਐਨ ਪਿਛੋਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ: ਰਾਧਾਕ੍ਰਿਸ਼ਨਨ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ 'ਵਿਚਾਰ ਦਰਪਣ' ਵਿਚ ਲਿਖਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੇ ਪੀਰਾਂ, ਭਗਤਾਂ, ਗੁਰੂਆਂ ਦੀ ਜਿਊਂਦੀ-ਜਾਗਦੀ ਆਵਾਜ਼ ਹਨ। ** ਡਾ: ਬੀ.ਆਰ. ਅੰਬੇਡਕਰ : ਡਾ: ਅੰਬੇਡਕਰ ਨੇ ਸਰਬ-ਹਿੰਦ ਸ਼ੋ੍ਰੋਮਣੀ ਸਿੱਖ ਪ੍ਰਚਾਰ ਕਾਨਫ਼ਰੰਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਆਪਣੀ ਸ਼ਰਧਾ ਭੇਟ ਕਰਦਿਆਂ ਲਿਖਿਆ ਹੈ ਕਿ ਦੋ ਮੁੱਖ ਕਾਰਨਾਂ ਕਰਕੇ ਸਿੱਖ ਧਰਮ ਸਾਡਾ ਵਧੀਆ ਧਿਆਨ ਮੰਗਦਾ ਹੈ। ਪਹਿਲਾ, ਇਹ ਕਿ ਸਿੱਖ ਧਰਮ ਉਨ੍ਹਾਂ ਲੋਕਾਂ ਵਾਸਤੇ ਜੋ ਸ਼ਾਂਤੀ ਅਤੇ ਮਾਣ-ਸਤਿਕਾਰ ਚਾਹੁੰਦੇ ਸਨ, ਇਕ ਰੂਹਾਨੀ ਘਰ ਹੈ। ਦੂਸਰਾ, ਗੁਰੂ ਗ੍ਰੰਥ ਸਾਹਿਬ ਮੇਰੇ ਲਈ ਇਕ ਰੂਹਾਨੀ ਮਾਰਗ-ਦਰਸ਼ਕ ਹੈ। ਮੈਂ ਆਸ ਕਰਦਾ ਹਾਂ ਕਿ ਜਿਹੜੀ ਚੀਜ਼ ਮੇਰੇ ਲਈ ਚੰਗੀ ਹੈ ਉਹ ਮੇਰੇ ਬਾਕੀ ਭਰਾਵਾਂ ਲਈ ਵੀ ਚੰਗੀ ਹੋਵੇਗੀ। ਅਸੀਂ ਹਿੰਦੂਆਂ ਦੀ ਧਾਰਮਿਕ ਅਤੇ ਸਮਾਜਿਕ ਨਾ-ਬਰਾਬਰੀ ਤੋਂ ਬਹੁਤ ਪਰੇਸ਼ਾਨ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕ ਜਾਤ-ਪਾਤ ਰਹਿਤ, ਬਰਾਬਰਤਾ ਦਾ ਸਮਾਜ ਸਿਰਜਣ ਦੀ ਸਿੱਖਿਆ ਪ੍ਰਦਾਨ ਕਰਦੇ ਹਨ। ** ਡਾ: ਮੁਹੰਮਦ ਯੂਸਫ਼ ਅਬਾਸੀ : ਪਾਕਿਸਤਾਨ ਦੇ ਕਾਇਦ-ਏ-ਆਜ਼ਮ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਪਣੀ ਨਿਰਪੱਖ ਰਾਇ ਪ੍ਰਗਟਾਉਂਦੇ ਹੋਏ ਲਿਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿਸ਼ਵ-ਗਿਆਨ ਦਾ ਖ਼ਜ਼ਾਨਾ ਹਨ। ਗੁਰਬਾਣੀ ਵਿਸ਼ਾਲ ਸਮੁੰਦਰ ਵਾਂਗ ਹੈ, ਜਿੱਥੋਂ ਹਰ ਅਭਿਲਾਸ਼ੀ ਨੂੰ ਮਨਭਾਉਂਦੇ ਹੀਰੇ-ਜਵਾਹਾਰਾਤ ਮਿਲ ਸਕਦੇ ਹਨ। ** ਬਰਟ੍ਰੰਡ ਰੱਸਲ : ਪ੍ਰਸਿੱਧ ਬਰਤਾਨਵੀ ਦਾਰਸ਼ਨਿਕ ਅਤੇ ਗਣਿਤ ਵਿਗਿਆਨੀ ਬਰਟੰਡ ਰੱਸਲ ਅਨੁਸਾਰ, 'ਸਿੱਖ ਧਰਮ ਅਤੇ ਇਸ ਦੇ ਧਰਮ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲ ਸਮੁੱਚੇ ਸੰਸਾਰ ਨੂੰ ਦੱਸਣ ਲਈ ਕੁਝ ਵਿਸ਼ੇਸ਼ ਮਹੱਤਵ ਵਾਲਾ ਹੈ। ਜੇਕਰ ਤੀਜੇ ਵਿਸ਼ਵ ਯੁੱਧ ਦੌਰਾਨ ਚੱਲਣ ਵਾਲੇ ਐਟਮ ਤੇ ਹਾਈਡ੍ਰੋਜਨ ਬੰਬਾਂ ਦੀ ਮਾਰ ਤੋਂ ਕੋਈ ਖ਼ੁਸ਼ਕਿਸਮਤ ਇਨਸਾਨ ਬਚ ਨਿਕਲਦਾ ਹੈ ਤਾਂ ਉਸ ਨੂੰ ਸੇਧ ਦੇਣ ਲਈ ਕੇਵਲ ਸਿੱਖ ਧਰਮ ਹੀ ਇਕੋ-ਇਕ ਵਸੀਲਾ ਹੋਵੇਗਾ।' ਜਦ ਰੱਸਲ ਤੋਂ ਇਹ ਪੁੱਛਿਆ ਗਿਆ ਕਿ ਤੁਸੀਂ ਤੀਜੇ ਵਿਸ਼ਵ ਯੁੱਧ ਤੋਂ ਬਾਅਦ ਦੀ ਗੱਲ ਕਰਦੇ ਹੋ; ਕੀ ਇਹ ਧਰਮ ਉਸ ਤੋਂ ਪਹਿਲਾਂ ਮਨੁੱਖਤਾ ਨੂੰ ਕੁਝ ਅਗਵਾਈ ਦੇਣ ਦੀ ਸਮਰੱਥਾ ਨਹੀਂ ਰੱਖਦਾ? ਰੱਸਲ ਨੇ ਉੱਤਰ ਦਿੱਤਾ - ਸਮਰੱਥਾ ਤਾਂ ਪੂਰੀ ਰੱਖਦਾ ਹੈ ਪਰ ਸਿੱਖਾਂ ਨੇ ਇਸ ਧਰਮ ਦੇ ਬਿਹਤਰੀਨ ਅਸੂਲਾਂ ਨੂੰ, ਜਿਹੜੇ ਸਾਰੀ ਮਾਨਵਤਾ ਲਈ ਹੋਂਦ ਵਿਚ ਆਏ ਹਨ, ਕਦੀ ਹਵਾ ਹੀ ਨਹੀਂ ਲਗਵਾਈ। ਇਹ ਸਿੱਖਾਂ ਦਾ ਸਭ ਤੋਂ ਵੱਡਾ ਕਸੂਰ ਹੈ, ਜਿਸ ਤੋਂ ਉਹ ਕਦੀ ਵੀ ਮੁਕਤ ਨਹੀਂ ਹੋ ਸਕਦੇ। ** ਅਰਨੋਲਡ ਟਾਇਨਬੀ : ਅਰਨੋਲਡ ਟਾਇਨਬੀ ਇੰਗਲੈਂਡ ਦਾ ਇਕ ਅਜਿਹਾ ਇਤਿਹਾਸਕਾਰ ਹੈ, ਜਿਸ ਨੇ ਵਿਸ਼ਵ ਦੇ ਸੱਭਿਆਚਾਰਾਂ ਦੇ ਤੁਲਨਾਤਮਕ ਅਧਿਐਨ ਉੱਪਰ ਮਹੱਤਵਪੂਰਨ ਕੰਮ ਕੀਤਾ ਹੈ, ਆਪਣੀ ਵਿਸ਼ਵ ਪ੍ਰਸਿੱਧ ਪੁਸਤਕ 'ਏ ਸਟੱਡੀ ਆਫ਼ ਹਿਸਟਰੀ' ਵਿਚ ਲਿਖਦਾ ਹੈ 'ਮਾਨਵਤਾ ਦਾ ਧਾਰਮਿਕ ਭਵਿੱਖ ਧੁੰਦਲਾ ਹੋ ਸਕਦਾ ਹੈ ਪਰ ਇਕ ਗੱਲ ਦੀ ਭਵਿੱਖਭਾਣੀ ਕੀਤੀ ਜਾ ਸਕਦੀ ਹੈ ਕਿ ਵਧ ਰਹੇ ਸੰਚਾਰ-ਸਾਧਨਾਂ ਦੇ ਇਸ ਯੁੱਗ ਵਿਚ ਵਿਸ਼ਵ ਦੇ ਵੱਖ-ਵੱਖ ਭਾਗਾਂ ਅਤੇ ਮਨੁੱਖੀ ਨਸਲ ਦੀਆਂ ਵੱਖ-ਵੱਖ ਸ਼ਾਖਾਵਾਂ ਦਰਮਿਆਨ ਵਿਸ਼ਵ ਦੇ ਉਚੇਰੇ ਧਰਮ ਪਹਿਲਾਂ ਨਾਲੋਂ ਕਿਤੇ ਵਧ ਇਕ-ਦੂਜੇ ਧਰਮ ਨੂੰ ਪ੍ਰਭਾਵਿਤ ਕਰਨਗੇ। ** ਮਿਸ ਪਰਲ ਐਸ. ਬੱਕ : ਅਮਰੀਕਾ ਦੀ ਨੋਬਲ ਇਨਾਮ ਜੇਤੂ ਮਿਸ ਪਰਲ ਐਸ. ਬੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਰੇਜ਼ੀ ਅਨੁਵਾਦ ਬਾਰੇ ਆਪਣੀ ਟਿੱਪਣੀ ਵਿਚ ਲਿਖਦੀ ਹੈ, 'ਮੈਂ ਮਹਾਨ ਧਰਮਾਂ ਦੇ ਧਰਮ-ਗ੍ਰੰਥਾਂ ਦਾ ਅਧਿਐਨ ਕੀਤਾ ਹੈ ਪਰ ਦਿਲ ਅਤੇ ਦਿਮਾਗ਼ ਨੂੰ ਟੁੰਬਣ ਵਾਲੀ ਜੋ ਸ਼ਕਤੀ ਇਨ੍ਹਾਂ ਪੋਥੀਆਂ ਵਿਚ ਮਿਲੀ ਹੈ, ਉਹ ਮੈਨੂੰ ਕਿਤੇ ਵੀ ਹੋਰ ਨਹੀਂ ਲੱਭੀ। ਇਹ ਹਰ ਧਰਮ ਦੇ ਜਾਂ ਕਿਸੇ ਵੀ ਧਰਮ ਨਾਲ ਸਬੰਧ ਨਾ ਰੱਖਣ ਵਾਲੇ ਲੋਕਾਂ ਬਾਰੇ ਗੱਲ ਕਰਦੀਆਂ ਹਨ। ਇਹ ਮਨੁੱਖੀ ਦਿਲ ਲਈ ਅਤੇ ਖੋਜੀ ਦਿਮਾਗ਼ ਲਈ ਸੰਦੇਸ਼ ਦਿੰਦੀਆਂ ਹਨ।... ਸਿੱਖ ਧਰਮ ਸਾਰੇ ਧਰਮਾਂ ਦੀ ਸਿਰਮੌਰ ਸ਼ਾਨ ਹੈ। ਇਸ ਹਨ੍ਹੇਰੇ ਯੁੱਗ ਵਿਚ ਗੁਰੂ ਨਾਨਕ ਦਾ ਪਿਆਰ ਦਾ ਸੰਦੇਸ਼ ਮਨੁੱਖਤਾ ਅਤੇ ਸੰਸਾਰ ਨੂੰ ਬਚਾਅ ਸਕਦਾ ਹੈ।' ** ਐੱਚ.ਐੱਲ. ਬਰਾਡਸ਼ਾਅ : ਸਿੱਖ ਧਰਮ ਦੀ ਫਿਲਾਸਫ਼ੀ ਨੂੰ ਪੂਰੀ ਤਰ੍ਹਾਂ ਘੋਖਣ ਉਪਰੰਤ ਅਮਰੀਕਾ ਦਾ ਪ੍ਰਸਿੱਧ ਇਤਿਹਾਸਕਾਰ ਪ੍ਰੋਫ਼ੈਸਰ ਐੱਚ.ਐੱਲ. ਬਰਾਡਸ਼ਾਅ ਲਿਖਦਾ ਹੈ, 'ਸਿੱਖ ਧਰਮ ਇਕ ਸਰਬ-ਵਿਆਪੀ ਵਿਸ਼ਵ ਮਤ ਹੈ, ਜਿਸ ਦਾ ਸੰਦੇਸ਼ ਸਮੁੱਚੀ ਮਾਨਵਤਾ ਲਈ ਹੈ। ਇਹ ਗੱਲ ਗੁਰੂ ਸਾਹਿਬਾਨਾਂ ਦੀਆਂ ਲਿਖਤਾਂ ਤੋਂ ਭਲੀ-ਭਾਂਤ ਸਪੱਸ਼ਟ ਹੋ ਜਾਂਦੀ ਹੈ। ਸਿੱਖਾਂ ਨੂੰ ਆਪਣੇ ਧਰਮ ਬਾਰੇ ਕੇਵਲ ਇਕ ਹੋਰ ਚੰਗਾ ਧਰਮ ਸਮਝਣਾ ਬੰਦ ਕਰਕੇ ਇਸ ਨੂੰ ਨਵੇਂ ਯੁੱਗ ਦਾ ਧਰਮ ਸਮਝਣਾ ਸ਼ੁਰੂ ਕਰਨਾ ਚਾਹੀਦਾ ਹੈ। ਗੁਰੂ ਨਾਨਕ ਦੁਆਰਾ ਚਲਾਇਆ ਗਿਆ ਧਰਮ ਨਵੇਂ ਯੁੱਗ ਦਾ ਧਰਮ ਹੈ। ਇਹ ਪੁਰਾਣੇ ਧਰਮਾਂ ਦੀਆਂ ਸਾਰੀਆਂ ਮਾਨਤਾਵਾਂ ਨੂੰ ਪੂਰੀ ਤਰ੍ਹਾਂ ਉਖੇੜਦਾ ਵੀ ਹੈ ਅਤੇ ਉਨ੍ਹਾਂ ਦੀ ਪੂਰਤੀ ਵੀ ਕਰਦਾ ਹੈ। ਇਸ ਗੱਲ ਨੂੰ ਸਿੱਧ ਕਰਨ ਲਈ ਪੁਸਤਕਾਂ ਜ਼ਰੂਰ ਲਿਖੀਆਂ ਜਾਣੀਆਂ ਚਾਹੀਦੀਆਂ ਹਨ। ਦੂਸਰੇ ਧਰਮਾਂ ਵਿਚ ਵੀ ਸੱਚ ਹੈ ਪਰ ਸਿੱਖ ਧਰਮ ਵਿਚ ਪੂਰਨ ਸੱਚ ਹੈ।