ਕੀ ਤਹਾਨੂੰ ਪਤਾ ਹੈ Hola Mohalla ਦਾ ਅਸਲ ਇਤਿਹਾਸ,ਜਰੂਰ ਦੇਖੋ .. Anandpur Sahib
ਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਅਤੇ ਕੌਮੀ ਜੋੜ ਮੇਲਾ ਹੈ। ਹੋਲੀ ਦੇ ਪਰੰਪਰਾਗਤ ਤਿਉਹਾਰ ਦੇ ਸਮਾਨਾਂਤਰ ਗੁਰੂ ਗੋਬਿੰਦ ਸਿੰਘ ਜੀ ਨੇ ‘ ਹੋਲਾ-ਮਹੱਲਾ’ ਖੇਡਣ ਦੀ ਰੀਤ ਚਲਾਈ ਕਿਉਂਕਿ ਦਸਮ ਗੁਰੂ ਨਵੇਂ ਸਿਰਜੇ ਖ਼ਾਲਸੇ ਨੂੰ ਯੁੱਧ-ਵਿਦਿਆ ਵਿਚ ਨਿਪੁੰਨ ਬਣਾਉਣਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ ਪਰੰਪਰਾ ਤੋਂ ਹਟ ਕੇ ਇਸ ਤਿਉਹਾਰ ਦਾ ਸੰਬੰਧ ਯੁੱਧ-ਪ੍ਰਕ੍ਰਿਆ ਨਾਲ ਜੋੜਿਆ । ਦਰਅਸਲ ਹੋਲਾ ਤੇ ਮਹੱਲਾ ਦੋ ਵੱਖ-ਵੱਖ ਸ਼ਬਦ ਹਨ। ‘ਹੋਲਾ’ ਅਰਬੀ ਭਾਸ਼ਾ ਅਤੇ ‘ਮਹੱਲਾ’ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ। ਹੋਲ, ਹੂਲ ਤੇ ਹੋਲਾ ਮਹੱਲਾ ਆਦਿ ਰਲਦੇ-ਮਿਲਦੇ ਸ਼ਬਦ ਹਨ। ਅਰਬੀ ਭਾਸ਼ਾ ਦਾ ਇਕ ਸ਼ਬਦ ਹੈ ‘ਹੂਲ’ ਜਿਸ ਦੇ ਅਰਥ ਨੇਕ ਅਤੇ ਭਲੇ ਕੰਮਾਂ ਲਈ ਜੂਝਣਾ, ਸੀਸ ਤਲੀ ‘ਤੇ ਧਰ ਕੇ ਲੜਨਾ, ਤਲਵਾਰ ਦੀ ਧਾਰ ‘ਤੇ ਚੱਲਣਾ ਹਨ। ਦਸਮੇਸ਼ ਪਿਤਾ ਜੀ ਨੇ ਨਿੱਘਰ ਚੁੱਕੇ ਸਮਾਜ ਦੇ ਦੱਬੇ-ਕੁਚਲੇ ਅਤੇ ਲਿਤਾੜੇ ਜਾ ਰਹੇ ਮਨੁੱਖਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਤੇ ਸਵੈਮਾਨ ਮਹਿਸੂਸ ਕਰਵਾਉਣ ਲਈ ਉਨ੍ਹਾਂ ਵਿਚ ਨਿਡਰਤਾ ਤੇ ਨਿਰਭੈਤਾ ਭਰਨ ਅਤੇ ਸੂਰਬੀਰ ਯੋਧੇ ਬਨਾਉਣ ਲਈ ਖਾਲਸਾ ਪੰਥ ਦੀ ਸਥਾਪਨਾ ਕੀਤੀ। ਇਸ ਲਈ ਉਨ੍ਹਾਂ ਨੇ ਚਰਨ-ਪਾਹੁਲ ਦੀ ਥਾਂ ਖੰਡੇ-ਬਾਟੇ ਦਾ ਅੰਮ੍ਰਿਤ ਤੇ ਹੋਲੀ ਦੀ ਥਾਂ ਹੋਲਾ-ਮਹੱਲਾ ਪ੍ਰਚਲਿਤ ਕੀਤਾ। ਕਵੀ ਸੁਮੇਰ ਸਿੰਘ ਨੇ ਇਸ ਪਰਥਾਇ ਗੁਰੂ ਜੀ ਦੇ ਆਦੇਸ਼ ਦਾ ਇਸ ਤਰ੍ਹਾਂ ਕਥਨ ਕੀਤਾ ਹੈ— ਔਰਨ ਕੀ ਹੋਲੀ ਮਮ ਹੋਲਾ । ਕਹੑਯੋ ਕ੍ਰਿਪਾਨਿਧ ਬਚਨ ਅਮੋਲਾ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਨੂੰ ਯੁੱਧ-ਵਿੱਦਿਆ ਵਿਚ ਨਿਪੁੰਨ ਬਨਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਹੋਲੀ ਦੇ ਪਰੰਪਰਾਈ ਪੱਖ ਤੋਂ ਹਟ ਕੇ ਇਸ ਤਿਉਹਾਰ ਦਾ ਸਬੰਧ ਸੂਰਮਤਾਈ ਨਾਲ ਜੋੜਿਆ। ਮਹੱਲਾ ਇਕ ਪ੍ਰਕਾਰ ਦੀ ਮਸਨੂਈ ਭਾਵ ਬਨਾਉਟੀ ਲੜਾਈ ਹੈ। ਇਸ ਵਿਚ ਪੈਦਲ ਅਤੇ ਘੋੜ-ਸਵਾਰ ਸ਼ਸਤਰਧਾਰੀ ਸਿੰਘ ਦੋ ਦਲ ਬਣਾ ਕੇ ਨਕਲੀ ਲੜ੍ਹਾਈਆਂ ਰਾਹੀਂ ਅਨੇਕ ਪ੍ਰਕਾਰ ਦੇ ਕਰਤਬ ਦਿਖਾਉਂਦੇ ਹਨ। ਕਲਗੀਧਰ ਪਾਤਸ਼ਾਹ ਜੀ ਆਪ ਇਸ ਨਕਲੀ ਲੜਾਈ ਨੂੰ ਵੇਖਦੇ ਅਤੇ ਦੋਹਾਂ ਦਲਾਂ ਨੂੰ ਲੋੜੀਂਦੀ ਸਿੱਖਿਆ ਪ੍ਰਦਾਨ ਕਰਦੇ। ਜਿਹੜਾ ਦਲ ਜੇਤੂ ਹੁੰਦਾ, ਉਸ ਨੂੰ ਦੀਵਾਨ ਵਿਚ ਸਿਰੋਪਾਓ ਬਖਸ਼ਿਸ਼ ਕਰਦੇ ਸਨ। ਇਸ ਮੌਕੇ ਦੀਵਾਨ ਸਜਦੇ, ਕਥਾ ਕੀਰਤਨ ਹੁੰਦਾ, ਬੀਰ ਰਸੀ ਵਾਰਾਂ ਗਾਈਆਂ ਜਾਂਦੀਆਂ ਅਤੇ ਅਨੇਕ ਤਰ੍ਹਾਂ ਦੀਆਂ ਫੌਜੀ ਕਵਾਇਦਾਂ ਹੁੰਦੀਆਂ। ਉਦੋਂ ਤੋਂ ਹਰ ਸਾਲ ਅਨੰਦਪੁਰ ਵਿਚ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਇਆ ਜਾਣ ਲੱਗਾ। ਇਸ ਦਿਨ ਇੱਕ ਵੱਡਾ ਜਲੂਸ ਜਿਸ ਨੂੰ ‘ਮਹੱਲਾ` ਕਹਿੰਦੇ ਹਨ, ਨਗਾਰਿਆਂ ਦੀ ਧੁਨੀ ਵਿਚ, ਸਜ-ਧਜ ਨਾਲ ਇਕ ਗੁਰਧਾਮ ਤੋਂ ਦੂਜੇ ਗੁਰਧਾਮ ਤੱਕ ਨਿਕਲਦਾ ਹੈ। ਇਸ ਜਲੂਸ ਵਿਚ ਨਿਹੰਗ ਸਿੰਘ, ਪੁਰਾਤਨ ਫ਼ੌਜੀ ਆਨ ਸ਼ਾਨ ਨਾਲ ਸ਼ਾਮਲ ਹੁੰਦੇ ਅਤੇ ਸ਼ਸਤਰਾਂ ਦੇ ਦਸਤਕਾਰ ਵਿਖਾਦੇ ਹਨ। ਅਜੋਕੇ ਸਮੇਂ ਵਿਚ ਨਵੀਂ ਪੀੜ੍ਹੀ ਸ਼ਾਨਾਂ-ਮੱਤੇ ਸਿੱਖ ਇਤਿਹਾਸ, ਗੌਰਵਮਈ ਵਿਰਸੇ, ਜੰਗਾਂ-ਯੁੱਧਾਂ ਵਿਚ ਸ਼ਕਤੀ ਦੇ ਪ੍ਰਦਰਸ਼ਨ ਤੇ ਬੀਰ-ਰਸੀ ਰਵਾਇਤਾਂ ਨੂੰ ਭੁਲਦੀ ਜਾ ਰਹੀ ਹੈ ਅਤੇ ਸ਼ਸਤਰਾਂ ਪ੍ਰਤੀ ਪਿਆਰ ਵੀ ਘਟਦਾ ਜਾ ਰਿਹਾ ਹੈ। ਆਪਣੇ ਵਿਰਸੇ ਪ੍ਰਤੀ ਜਾਗਰੂਕ ਕਰਨ ਲਈ ਖਾਲਸਾ ਪੰਥ ਦੀ ਨਿਆਰੀ ਹੋਂਦ ਨੂੰ ਦਰਸਾਉਂਦਾ ਇਹ ਕੌਮੀ ਤਿਉਹਾਰ ਪ੍ਰੇਰਨਾ ਸਰੋਤ ਹੈ। ਆਓ! ਇਸ ਪਵਿੱਤਰ ਤਿਉਹਾਰ ਨੂੰ ਮਨਾਉਂਦੇ ਹੋਏ ਆਪਣੇ ਗੌਰਵਮਈ ਵਿਰਸੇ ਅਤੇ ਜੁਝਾਰੂ ਬਿਰਤੀ ਦੀ ਸ਼ਕਤੀ ਨਾਲ ਨਸ਼ਿਆਂ ਤੇ ਪਤਿੱਤਪੁਣੇ ਵਿਰੁੱਧ ਜੂਝੀਏ। ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਦਾ ਪ੍ਰਣ ਲਈਏ ਅਤੇ ਖੰਡੇ-ਬਾਟੇ ਦੀ ਪਾਹੁਲ ਛੱਕ ਕੇ ਸਰਬੰਸ-ਦਾਨੀ ਦਸਮੇਸ਼ ਪਿਤਾ ਦੇ ਸੱਚੇ ਸਪੂਤ ਬਣੀਏ। #HolaMohalla #AnandpurSahib #SikhHistory (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Pages --- www.facebook.com/SurkhabTV ** Subscribe and Press Bell Icon also to get Notification on Your Phone **