\'ਅੱਜ ਵੀ ਊਧਮ ਸਿੰਘ ਦਾ ਨਾਮ ਸੁਣਕੇ,ਰਾਣੀ ਕੰਬਦੀ ਫਿਰੇ ਬਰਤਾਨੀਆ ਦੀ\' | Sardar Udham Singh | Surkhab TV
'ਅੱਜ ਵੀ ਊਧਮ ਸਿੰਘ ਦਾ ਨਾਮ ਸੁਣਕੇ,ਰਾਣੀ ਕੰਬਦੀ ਫਿਰੇ ਬਰਤਾਨੀਆ ਦੀ' | Sardar Udham Singh | Surkhab TV 21 ਸਾਲ ਦਾ ਸਮਾਂ ਥੋੜਾ ਨਹੀਂ ਹੁੰਦਾ....21 ਸਾਲ ਇੱਕ ਅੱਗ ਨੂੰ ਅੰਦਰ ਲੈ ਕੇ ਜਿਓਣਾ ਸੌਖਾ ਨਹੀਂ ਹੁੰਦਾ। ਅਜਿਹੀ ਅੱਗ ਜਿਹੜੀ ਆਪਣਿਆਂ ਦੇ ਖੂਨ ਨੂੰ ਡੋਲਣ ਵਾਲੇ ਦੀ ਰੱਤ ਡੋਲਕੇ ਮੱਠੀ ਪੈਣੀ ਸੀ। ਉਹ ਅੱਗ 21 ਸਾਲ ਅੰਦਰੋਂ ਅੰਦਰ ਧੁਖਦੀ ਰਹੀ ਤੇ ਜਦੋਂ ਉਹ ਅੱਗ ਠੰਡੀ ਹੋਈ ਤਾਂ ਉਦੋਂ ਇੱਕ ਪਸਤੌਲ ਦੀ ਨਾਲੀ ਚੋਂ ਗੋਲੀਆਂ ਦੀ ਕਾੜ-ਕਾੜ ਦੀ ਆਵਾਜ਼ ਆਈ। ਅੰਗਰੇਜ਼ੀ ਹਕੂਮਤ ਖਿਲਾਫ ਜਲਿਆਂਵਾਲਾ ਬਾਗ ਵਿਚ ਜਲਸਾ ਹੋ ਰਿਹਾ ਸੀ ਜਿਥੇ ਹਜਾਰਾਂ ਲੋਕ ਇਕੱਠੇ ਹੋਏ ਸਨ। ਜਨਰਲ ਡਾਇਰ ਨੇ ਬਿਨਾ ਦੱਸੇ ਗੋਲੀ ਚਲਵਾ ਕੇ ਹਜਾਰਾਂ ਲੋਕ ਸ਼ਹੀਦ ਕਰਵਾ ਦਿੱਤੇ। ਇਹ ਖੂਨੀ ਸਾਕਾ ਉਧਮ ਸਿੰਘ ਨੇ ਆਪਣੀ ਅੱਖੀ ਦੇਖਿਆ। ਬ੍ਰਿਟਿਸ਼ ਸਰਕਾਰ ਦੁਆਰਾ ਮਾਰੇ ਗਏ ਨਿਰਦੋਸ਼ ਅਤੇ ਮਾਸੂਮ ਲੋਕਾਂ ਦੀ ਮੋਤ ਦੇ ਦ੍ਰਿਸ਼ ਨੇ ਸ੍ਰ ਉਧਮ ਸਿੰਘ ਦਾ ਮਨ ਝੰਜੋੜ ਕੇ ਰੱਖ ਦਿੱਤਾ। ਇਥੋਂ ਸ਼ੁਰੂ ਹੁੰਦਾ ਸਰਦਾਰ ਊਧਮ ਸਿੰਘ ਦਾ 21 ਸਾਲ ਦਾ ਸਫ਼ਰ... ਜਲਿਆਂ ਵਾਲੇ ਬਾਗ ਦੇ ਗੋਲੀ ਕਾਂਡ ਤੋਂ ਬਾਅਦ ਪੰਜਾਬ ਵਿੱਚ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ। ਮਾਇਕਲ ਉਡਵਾਇਰ ਨੇ ਆਪਣੀ ਕਿਤਾਬ " ਇੰਡਿਆ ਆਈ ਨਿਊ ਇੱਟ" ਵਿੱਚ ਇਹ ਸਾਰੇ ਕਾਲੇ ਕਾਰਨਾਮੇ ਕਰਨ ਤੋਂ ਬਾਅਦ ਲਿਖਿਆ ਕਿ ਪੰਜਾਬੀ ਹੁਣ ਸਮਝ ਗਏ ਹਨ ਕਿ ਕ੍ਰਾਂਤੀ ਇੱਕ ਖਤਰਨਾਕ ਕੰਮ ਹੈ "। ਇਥੇ ਹੀ ਬਸ ਨਹੀਂ, ਹਜ਼ਾਰਾਂ ਹੀ ਦੇਸ਼ ਭਗਤ ਗਦਰੀ ਇਸ ਬੇਰਹਿਮ ਗਵਰਨਰ ਦੇ ਜੁਲਮ ਦਾ ਸ਼ਿਕਾਰ ਬਣੇ। ਇਸ ਘਟਨਾਕ੍ਰਮ ਦੇ ਥੋੜੇ ਸਮੇਂ ਬਾਅਦ ਊਧਮ ਸਿੰਘ ਇੱਕ ਹੋਰ ਕ੍ਰਾਂਤੀਕਾਰੀ ਪ੍ਰੀਤਮ ਸਿੰਘ ਦੇ ਨਾਲ ਬਹੁਤ ਕਠਿਨ ਹਾਲਾਤਾਂ ਵਿੱਚ ਮੈਕਸੀਕੋ ਰਾਹੀਂ ਅਮਰੀਕਾ ਪਹੁੰਚਿਆ ਦੋ ਸਾਲ ਤੱਕ ਕੋਲੀਫੋਰਨੀਆ ਵਿੱਚ ਵੱਖਰੀਆ ਵੱਖਰੀਆ ਫੈਕਟਰੀਆਂ ਵਿੱਚ ਕੰਮ ਕਰਨ ਤੋਂ ਬਾਅਦ ਊਧਮ ਸਿੰਘ ਇਸਟ ਨਿਊਯਾਰਕ ਪਹੁੰਚਿਆ ਜਿਥੇ ਲਗਭਗ ਪੰਜ ਸਾਲ ਤੱਕ ਰਿਹਾ। ਇਸੇ ਸਮੇਂ ਹੀ ਊਧਮ ਸਿੰਘ ਕ੍ਰਾਂਤੀਕਾਰੀ ਗਦਰ ਪਾਰਟੀ ਦਾ ਸਰਗਰਮ ਮੈਂਬਰ ਬਣਿਆ। ਗਦਰ ਪਾਰਟੀ ਵਾਸਤੇ ਨਵੇਂ ਮੈਂਬਰ ਭਰਤੀ ਕਰਨ ਅਤੇ ਸੰਸਾਰ ਦੇ ਵੱਖਰੇ ਵੱਖਰੇ ਦੇਸ਼ਾ ਵਿੱਚ ਗਦਰ ਪਾਰਟੀ ਦੀਆਂ ਸ਼ਾਖਾਵਾਂ ਕਾਇਮ ਕਰਨ ਅਤੇ ਅੰਗਰੇਜ਼ਾ ਵਿੱਰੁਧ ਦੇਸ਼ਾ ਤੋਂ ਭਾਰਤ ਦੀ ਅਜ਼ਾਦੀ ਲਈ ਮਦਦ ਲੈਣ ਵਾਸਤੇ ਗਦਰ ਪਾਰਟੀ ਦੀ ਇੰਨਰ ਕੋਸਲ ਵਲੋਂ ਊਧਮ ਸਿੰਘ ਦੀ ਹੀ ਡਿਊਟੀ ਲਾਈ ਗਈ। ਊਧਮ ਸਿੰਘ ਸਿਵਾਏ ਅਸਟਰੇਲੀਆ ਮਹਾਂਦੀਪ ਦੇ ਸੰਸਾਰ ਦਾ ਕੋਈ ਅਜਿਹਾ ਦੇਸ਼ ਨਹੀ ਸੀ ਜਿਥੇ ਊਧਮ ਸਿੰਘ ਨਾ ਗਿਆ ਹੋਵੇ। ਉਸਨੂੰ ਸਮੁੰਦਰੀ ਜ਼ਹਾਜ ਤੋਂ ਲੈ ਕੇ ਹਵਾਈ ਜ਼ਹਾਜ ਤੱਕ ਸਭ ਚੀਜ਼ਾ ਦਾ ਗਿਆਨ ਸੀ। ਉਹ ਹੱਥਿਆਰ ਅਤੇ ਕਰੰਸੀ ਨੋਟ ਵੀ ਖੁਦ ਤਿਆਰ ਕਰ ਲੈਂਦਾ ਸੀ ।ਲੰਡਨ ਵਿੱਚ ਰਹਿੰਦੇ ਹੋਏ ਵੀ ਉਸਨੇ ਆਪਣੇ ਦੇਸ਼ ਵਾਸੀਆਂ ਅਤੇ ਅਮਰੀਕਾ ਵਿੱਚ ਗਦਰ ਪਾਰਟੀ ਨਾਲ ਲਗਾਤਾਰ ਸੰਪਰਕ ਸਥਾਪਿਤ ਰੱਖਿਆ ਹੋਇਆ ਸੀ। ਪਬਲਿਕ ਰਿਕਾਰਡ ਆਫਿਸ ਲੰਡਨ ਵਲੋਂ ਸ਼ਹੀਦ ਊਧਮ ਸਿੰਘ ਨਾਲ ਸਬੰਧਤ ਰਿਲੀਜ਼ ਕੀਤੀਆ ਫਾਇਲਾ ਤੋਂ ਊਧਮ ਸਿੰਘ ਬਾਰੇ ਕਾਫ਼ੀ ਜਾਣਕਾਰੀ ਮਿਲੀ ਹੈ। ਇਹ ਵੀ ਹੈਰਾਨ ਕਰਨ ਵਾਲਾ ਤੱਥ ਹੈ ਕਿ ਊਧਮ ਸਿੰਘ ਲੰਡਨ ਦੇ ਡੈਨਹਮ ਫਿਲਮ ਸਟੂਡੀਓ ਦੁਆਰਾ ਬਣਾਈਆਂ ਫਿਲਮਾਂ ਵਿੱਚ ਕੰਮ ਕਰਦਾ ਰਿਹਾ ਸੀ। ਗੁਪਤ ਫਾਈਲਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਭਾਰਤ ਨੂੰ ਆਜਾਦ ਕਰਵਾਉਣ ਲਈ ਊਧਮ ਸਿੰਘ ਨੇ ਰੂਸ ਅਤੇ ਜਰਮਨ ਸਰਕਾਰਾਂ ਨਾਲ ਵੀ ਗੁਪਤ ਸਬੰਧ ਕਾਇਮ ਕੀਤਾ ਹੋਇਆ ਸੀ। ਖੈਰ 21 ਸਾਲ ਦਾ ਸਮਾਂ ਤੁਰਦਾ ਗਿਆ ਤੇ ਸਮਾਂ ਆਗਿਆ 13 ਮਾਰਚ 1940 ਜਦੋਂ ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਏਸ਼ੀਅਨ ਸੁਸਾਇਟੀ ਨੇ London ਦੇ ਕੈਕਸਟਨ ਹਾਲ ਵੈਸਟ ਮਨਿਸਟਰ ਵਿੱਚ ਇੱਕ ਸਾਂਝੀ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਜਲਿਆਂਵਾਲਾ ਬਾਗ਼ ਦੇ ਸਾਕੇ ਦੇ ਦੋਸ਼ੀ ਮਾਈਕਲ ਉਡਵਾਇਰ ਨੇ ਵੀ ਭਾਸ਼ਣ ਦਿੱਤਾ। ਇਥੇ ਇੱਕ ਵੱਡੀ ਗੱਲ ਜਰੂਰ ਸਾਂਝੀ ਕਰਾਂਗੇ ਕਿ ਜਲਿਆਂਵਾਲੇ ਬਾਗ ਵਿਚ ਗੋਲੀ ਚਲਾਉਣ ਵਾਲਾ ਪੁਲਿਸ ਅਫਸਰ ਜਨਰਲ ਡਾਇਰ ਸੀ ਤੇ ਗੋਲੀ ਚਲਾਉਣ ਦਾ ਹੁਕਮ ਦੇਣ ਵਾਲਾ ਮਾਇਕਲ ਉਡਵਾਇਰ ਸੀ ਜੋ ਉਸ ਸਮੇਂ ਪੰਜਾਬ ਦਾ ਗਵਰਨਰ ਸੀ ਭਾਵ ਕਿ ਮੁਖੀ ਦੋਸ਼ੀ ਮਾਇਕਲ ਉਡਵਾਇਰ ਸੀ। ਜਦੋਂ ਉਡਵਾਇਰ ਨੇ ਆਪਣਾ ਭਾਸ਼ਣ ਖਤਮ ਕੀਤਾ ਤਾਂ ਉਸ ਹਾਲ ਵਿਚ ਮੌਜੂਦ ਸਰਦਾਰ ਊਧਮ ਸਿੰਘ ਨੇ ਆਪਣੀ ਕਿਤਾਬ ਵਿਚ ਲੁਕੋਏ ਪਿਸਤੌਲ ਨਾਲ ਉਡਵਾਇਰ ਗੋਲੀਆਂ ਮਾਰਕੇ ਨਲਕੇ ਦੇ ਫਿਲਟਰ ਵਰਗਾ ਕਰ ਦਿੱਤਾ 21 ਸਾਲ ਦੀ ਧੁਖਦੀ ਅੱਗ ਅੱਜ ਜਾ ਕੇ ਸ਼ਾਂਤ ਹੋਈ ਕੈਕਸਟਨ ਹਾਲ ਦੀ ਖਬਰ ਦੁਨੀਆ ਦੀਆਂ ਸਾਰੀਆਂ ਅਖਬਾਰਾਂ ਨੇ 14 ਮਾਰਚ 1940 ਨੂੰ ਸੁਰਖੀਆਂ ਵਿੱਚ ਊਧੰਮ ਸਿੰਘ ਦੀ ਫੋਟੋ ਨਾਲ ਛਾਪੀ ਸੀ। ਉਸ ਸਮੇਂ ਊਧਮ ਸਿੰਘ ਨੇ ਆਪਣਾ ਨਾਮ 'ਮੁਹੰਮਦ ਸਿੰਘ ਅਜਾਦ' ਦੱਸਿਆ ਸੀ। ਦੂਨੀਆ ਵਿੱਚ ਕਿਸੇ ਵੀ ਘਟਨਾ ਨੂੰ ਇੰਨੀ ਲੋਕਪ੍ਰਿਯਤਾ ਉਸ ਸਮੇਂ ਨਹੀਂ ਮਿਲੀ ਜਿੰਨੀ ਕਿ 13 ਮਾਰਚ 1940 ਦੀ ਉਡਵਾਇਰ ਦੇ ਸੋਧੇ ਦੀ ਘਟਨਾ ਨੂੰ ਮਿਲੀ ਤੇ ਇਹ ਖਬਰ ਸਵੇਰ ਤੋਂ ਅੱਧੀ ਰਾਤ ਤੱਕ ਫਰਾਂਸੀਸੀ, ਸਪੇਨੀ, ਇਤਾਲਵੀ, ਅੰਗਰੇਜੀ, ਤੁਰਕੀ, ਰੋਮਾਨੀਅਨ ਤੇ ਰੂਸੀ ਭਾਸ਼ਾਵਾਂ ਵਿੱਚ ਨਸ਼ਰ ਕੀਤੀ ਜਾਂਦੀ ਰਹੀ। ਉਸ ਸਮੇਂ ਭਾਵੇਂ ਕਿ ਸੰਸਾਰ ਜੰਗ ਚਲ ਰਹੀ ਸੀ ਪਰ ਜੰਗ ਦੀ ਬਜਾਏ ਇਹ ਖਬਰ ਮੁੱਖ ਖਬਰ ਸੀ। ਇਥੇ ਅਸੀਂ ਇੱਕ ਹੋਰ ਤੱਥ ਤੁਹਾਡੇ ਸਭ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ ਜੋ ਲੋਕਾਂ ਤੱਕ ਗਲਤ ਪਹੁੰਚਾਇਆ ਗਿਆ ਹੈ। ਆਮ ਕਰਕੇ ਇਹ ਕਿਹਾ ਜਾਂਦਾ ਕਿ ਸਰਦਾਰ ਊਧਮ ਸਿੰਘ ਦਾ ਇੱਕ ਨਾਮ 'ਰਾਮ ਮੁਹੰਮਦ ਸਿੰਘ ਆਜ਼ਾਦ' ਸੀ। ਲੇਖਕ ਰਾਜੇਸ਼ ਕੁਮਾਰ ਵਲੋਂ ਲਿਖੀ ਕਿਤਾਬ ‘ਬਦਲੇ ਤੋਂ ਪਾਰ ਸਮਾਜਿਕ ਬਦਲਾਅ ਨੂੰ ਪ੍ਰਣਾਇਆ ਸੀ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ’ ਵਿੱਚ ਇਹ ਲਿਖਿਆ ਹੈ ਕਿ ਊਧਮ ਸਿੰਘ ਨੇ ਆਪਣਾ ਨਾਂ ਮੁਹੰਮਦ ਸਿੰਘ ਆਜ਼ਾਦ ਹੀ ਰੱਖਿਆ ਸੀ ਨਾ ਕਿ ਰਾਮ ਮੁਹੰਮਦ ਸਿੰਘ ਆਜ਼ਾਦ। 20 ਮਾਰਚ 1933 ਨੂੰ ਜਦੋਂ ਲਾਹੌਰ ਤੋਂ ਉਸ ਨੇ ਪਾਸਪੋਰਟ ਬਣਵਾਇਆ ਸੀ ਤਾਂ ਉਸ ਨੇ ਆਪਣਾ ਨਾਂ ਊਧਮ ਸਿੰਘ ਲਿਖਵਾਇਆ ਸੀ। ਇਹੀ ਉਸ ਦਾ ਸਭ ਤੋਂ ਵੱਧ ਪ੍ਰਚੱਲਿਤ ਨਾਂ ਹੈ ਜਦੋਂ ਕਿ ਦਸਤਾਵੇਜ਼ਾਂ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉਸ ਨੂੰ ਆਪਣਾ ਨਾਂ ਜੋ ਸਭ ਤੋਂ ਵੱਧ ਪਿਆਰਾ ਸੀ ਉਹ ਮੁਹੰਮਦ ਸਿੰਘ ਆਜ਼ਾਦ ਹੀ ਸੀ। ਇਸ ਬਹਾਦਰ ਯੋਧੇ ਨੇ 31 ਜੁਲਾਈ 1940 ਨੂੰ ਸਵੇਰੇ ਠੀਕ 9 ਵਜੇ ਇੰਗਲੈਂਡ ਦੀ ਪੈਂਟਨਵਿਲੇ ਜੇਲ ਵਿੱਚ ਫਾਂਸੀ ਦੇ ਰੱਸੇ ਨੂੰ ਚੁੰਮਿਆਂ। 31 ਜੁਲਾਈ 1974 ਨੂੰ ਇਸ ਮਹਾਨ ਸੂਰਮੇ ਦੀਆਂ ਅਸਥੀਆਂ ਨੂੰ ਇੰਗਲੈਂਡ ਤੋਂ ਲਿਆਉਣ ਉਪਰੰਤ ਸੁਨਾਮ ਵਿਖੇ ਸ਼ਹੀਦ ਦਾ ਪੂਰੇ ਜਾਹੋ ਜਲਾਲ ਅਤੇ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕਰ ਦਿੱਤਾ ਗਿਆ। ਅਜਿਹੇ ਮਹਾਨ ਸ਼ਹੀਦਾਂ ਦੇ ਬਾਰੇ ਵਿੱਚ ਇਥੇ ਇਹ ਕਹਿਣਾ ਠੀਕ ਹੋਵੇਗਾ ਕਿ "ਹਜਾਰੋਂ ਸਾਲ ਨਰਗਿਮ ਆਪਣੀ ਬੇਨੁਰੀ ਪੇ ਰੋਤੀ ਹੈ, "ਬੜੀ ਮੁਸ਼ਕਲ ਸੇ ਪੈਦਾ ਹੋਤਾ ਹੈ ਚਮਨ ਮੇਂ ਦੀਦਾਵਰ ਐਸਾ"