13 April Vaisakhi\'s | 1699-1919-1978 | History Pages | Surkhab TV
13 April Vaisakhi's | 1699-1919-1978 | History Pages | Surkhab TV #Vaisakhi #KhalsaSajnaDiwas #SikhHistory ਅੱਜ ਵਿਸਾਖੀ ਦਾ ਦਿਹਾੜਾ ਹੈ। ਵਿਸਾਖ ਦਾ ਮਹੀਨਾ ਸ਼ੁਰੂ ਹੁੰਦਾ ਹੈ,ਕਣਕਾਂ ਦੀ ਵਾਢੀ ਸ਼ੁਰੂ ਹੁੰਦੀ ਹੈ। ਇਤਿਹਾਸ ਵਿਚ ਵਿਸਾਖੀਆਂ ਬੜੀਆਂ ਮਨਾਈਆਂ ਗਈਆਂ ਪਰ ਜਿਹੜੀ ਵਿਸਾਖੀ 1699 ਨੂੰ ਸ੍ਰੀ ਅਨੰਦਪੁਰ ਸਾਹਿਬ ਤੇ ਧਰਤੀ ਤੇ ਮਨਾਈ ਗਈ ਉਹ ਦੁਨੀਆ ਦੇ ਇਤਿਹਾਸ ਵਿਚ ਇਨਕਲਾਬ ਦੀ ਸ਼ੁਰੂਆਤ ਸੀ। ਅੱਜ ਅਸੀਂ 3 ਵਿਸਾਖੀਆਂ ਦਾ ਇਤਿਹਾਸ ਸਾਂਝਾ ਕਰਾਂਗੇ। * 1699 ਦੀ ਵਿਸਾਖੀ ਜਦੋਂ ਦਸਮ ਪਾਤਸ਼ਾਹ ਨੇ ਪੰਜ ਸਿੰਘਾਂ ਤੋਂ ਸੀਸ ਦੀ ਮੰਗ ਕੀਤੀ,ਉਹਨਾਂ ਨੂੰ ਪੰਜ ਪਿਆਰਿਆਂ ਦਾ ਖਿਤਾਬ ਦਿੱਤਾ ਤੇ ਦੁਨੀਆ ਦੇ ਇਤਿਹਾਸ ਵਿਚ ਖਾਲਸਾ ਪੰਥ ਸਾਜਿਆ ਜੋ ਕਿ ਅਕਾਲ ਪੁਰਖ ਦੀ ਫੌਜ ਦੇ ਰੂਪ ਵਿਚ ਸੀਨੇ-ਬ-ਸੀਨੇ ਆਪਣਾ ਨਾਮ ਲਿਖ ਰਿਹਾ। ਖਾਲਸਾ ਸਿਰਜਣਾ ਮੌਕੇ ਕਲਗੀਧਰ ਪਾਤਸ਼ਾਹ ਜੀ ਨੇ ਜੋ ਹੁਕਮ ਦਿਤਾ ਸੀ,ਅੱਜ ਉਸ ਹੁਕਮ ਨੂੰ ਯਾਦ ਕਰਨ ਦੀ ਲੋੜ ਹੈ। ਖਾਲਸਾ ਪੰਥ ਦੇ ਧੁਰੰਤਰ ਵਿਦਵਾਨ ਸਿਰਦਾਰ ਕਪੂਰ ਸਿੰਘ ਜੀ ਦੀ ਰਚਨਾ , " ਪਰਾਸ਼ਰਪ੍ਰਸਨਾ -ਗੁਰੂ ਗੋਬਿੰਦ ਸਿੰਘ ਜੀ ਦੀ ਵੈਸਾਖੀ" ਵਿਚ ਦਸਮੇਸ਼ ਪਿਤਾ ਜੀ ਦਾ ਉਸ ਵੇਲੇ ਦਾ ਹੁਕਮ ਦਰਜ਼ ਹੈ। ਸਤਿਗੁਰ ਪਾਤਸ਼ਾਹ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਅਤੇ ਬਾਅਦ ਸਿੰਘ ਸਾਜਕੇ, ਗੁਰੂ ਖਾਲਸਾ ਪੰਥ ਦੇ ਮਹਾਨ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਕਿਹਾ ,"ਮੈਂ ਚਾਹੁੰਦਾ ਤੁਸੀ ਸਾਰੇ ਇੱਕੋ ਧਰਮ-ਸਿਧਾਂਤ ਨੂੰ ਅਪਣਾਓ ਅਤੇ ਇਕੋ ਰਸਤੇ ਤੇ ਚੱਲੋ ਤੇ ਜਿਹੜਾ ਧਰਮ ਹੁਣ ਨਿਭਾਹਿਆ ਜਾ ਰਿਹੈ,ਉਸਦੇ ਸਾਰੇ ਮੱਤਭੇਦਾਂ ਤੋਂ ਉਪਰ ਉਠੋ। ਹਿੰਦੂਆਂ ਦੀਆਂ ਚਾਰ ਜਾਤਾਂ,ਜਿੰਨਾਂ ਦੇ ਸਾਸ਼ਤਰਾਂ ਅਨੁਸਾਰ ਵੱਖ ਵੱਖ ਧਰਮ ਹਨ ਤੇ ਜਿਸਨੂੰ ਵਰਣਾਸ਼ਰਮ ਵਿਚ ਸ਼ਾਮਿਲ ਕੀਤਾ ਗਿਆ ਹੈ,ਨੂੰ ਪੂਰਨ ਰੂਪ ਵਿਚ ਤਿਆਗਣਾ ਹੈ ,ਅਤੇ ਇੱਕ ਦੂਜੇ ਦੇ ਸਹਾਇਕ ਹੋਣੈ ਤੇ ਆਪਸੀ ਮਿਲਵਰਤਣ ਦੇ ਮਾਰਗ ਨੂੰ ਅਪਣਾਉਣਾ ਹੈ ਤੇ ਆਪਸ ਵਿਚ ਬਿਨ੍ਹਾਂ ਕਿਸੇ ਵਿਤਕਰੇ ਦੇ ਰਚਣਾ-ਮਿਚਣਾ ਹੈ। ਪੁਰਾਤਨ ਗ੍ਰੰਥਾਂ ਨੰ ਨਹੀ ਮੰਨਣਾ। ਕਿਸੇ ਨੇ ਵੀ ਗੰਗਾ-ਇਸ਼ਨਾਨ ਤੇ ਹੋਰ ਤੀਰਥਾਂ ਜਿੰਨਾਂ ਨੂੰ ਕਿ ਹਿੰਦੂ ਪਵਿਤਰ ਮੰਨਦੇ ਹਨ,ਦੀ ਯਾਤਰਾ ਨਹੀ ਕਰਨੀ। ਨਾ ਹੀ ਹਿੰਦੂ ਦੇਵੀ ਦੇਵਤਿਆਂ ਜਿਵੇਂ ਕਿ ਰਾਮ, ਕ੍ਰਿਸ਼ਨ,ਬ੍ਰਹਮਾ ਤੇ ਦੁਰਗਾ ਆਦਿ ਦੀ ਪੂਜਾ ਕਰਨੀ ਹੈ,ਬਲਕਿ ਸਾਰਿਆਂ ਨੇ ਸਤਿਗੁਰੂ ਨਾਨਕ ਪਾਤਿਸ਼ਾਹ ਤੇ ਬਾਕੀ ਸਤਿਗੁਰੂ ਪਾਤਿਸ਼ਾਹਾਂ ਦੀਆਂ ਸਿਖਿਆਵਾਂ ਨੂੰ ਧਾਰਨ ਕਰਨਾ ਹੈ। ਚਾਰੇ ਜਾਤਾਂ ਦੇ ਲੋਕ ਮੇਰਾ ਦੋ-ਧਾਰੇ ਖੰਡੇ ਦਾ ਅੰਮ੍ਰਿਤ, ਇੱਕੋ ਬਾਟੇ ਵਿਚੋਂ ਛੱਕਣ ਅਤੇ ਆਪਣੇ ਆਪ ਨੂੰ ਇੱਕ ਦੂਜੇ ਤੋਂ ਵੱਖਰੇ ਨਾ ਸਮਝਣ ਜਾਂ ਇੱਕ ਦੂਜੇ ਨਾਲ ਨਫਰਤ ਨਹੀ ਕਰਨੀ"। ਇਸ ਤਰਾਂ ਪਾਤਸ਼ਾਹ ਨੇ ਸਮੁੱਚੀ ਮਾਨਵਤਾ ਨੂੰ ਬਰਾਬਰਤਾ ਦਾ ਸੁਨੇਹਾ ਦੇ ਕੇ ਗਿੱਦੜਾਂ ਤੋਂ ਸ਼ੇਰ ਬਣਾਇਆ,ਇੱਕ ਅਕਾਲ ਪੁਰਖ ਦੇ ਪੁਜਾਰੀ ਬਣਾਇਆ,ਇੱਕ ਰਹਿਤ ਦਿੱਤੀ,ਐਸੇ ਮਨੁੱਖ ਦੀ ਘਾੜਤ ਘੜੀ ਜੋ ਸੰਪੂਰਨ ਸਿੱਖ ਹੈ ਤੇ ਜਿਸਦਾ ਇਸ਼ਟ ਧੁਰ ਦਰਗਾਹੋਂ ਆਈ ਬਾਣੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਹੈ। * ਸੰਨ 1919 ਈ: ਦੀ 13 ਅਪ੍ਰੈਲ ਨੂੰ ਅੰਮ੍ਰਿਤਸਰ ਵਿਚ ਵਿਸਾਖੀ ਦਾ ਤਿਉਹਾਰ ਸੀ। ਲੋਕ ਦੂਰੋਂ-ਦੂਰੋਂ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਲਈ ਪਹੁੰਚ ਰਹੇ ਸਨ। ਲੋਹਗੜ੍ਹ ਅਤੇ ਹਾਥੀ ਦਰਵਾਜਿਆਂ ਦੇ ਬਾਹਰ ਮਾਲ ਮੰਡੀ ਲੱਗੀ ਹੋਈ ਸੀ। ਕਾਬਲ ਤਕ ਦੇ ਵਿਉਪਾਰੀ ਪਹੁੰਚੇ ਹੋਏ ਸਨ। ਉਸ ਸਮੇਂ ਪੰਜਾਬ ਦਾ ਗਵਰਨਰ ਸਰ ਮਾਇਕਲ ਓਡਵਾਇਰ ਸੀ ਅਤੇ ਸਾਰਾ ਸ਼ਹਿਰ ਜਰਨਲ ਡਾਇਰ ਦੇ ਹਵਾਲੇ ਕੀਤਾ ਹੋਇਆ ਸੀ। ਜਨਰਲ ਡਾਇਰ ਨੇ ਐਲਾਨ ਕਰ ਦਿੱਤਾ ਕਿ ਅੰਮ੍ਰਿਤਸਰ ਸ਼ਹਿਰ ਦੀ ਹੱਦ ਅੰਦਰ ਕੋਈ ਵੀ ਜਲਸਾ ਜਲੂਸ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਕੁਝ ਲੀਡਰਾਂ ਦੇ ਭਾਸ਼ਣ ਚਲ ਰਹੇ ਸੀ ਕਿ ਬਾਗ਼ ਦੇ ਅੰਦਰ ਜਰਨਲ ਡਾਇਰ ਨੇ ਬਿਨਾਂ ਕਿਸੇ ਚਿਤਾਵਨੀ ਦੇ ਆਪਣੇ ਜਵਾਨਾਂ ਨੂੰ ਗੋਲੀ ਚਲਾਉਣ ਦਾ ਹੁਕਮ ਦਿੱਤਾ। ਲੋਕ ਇਕਦਮ ਘਬਰਾ ਕੇ ਇਧਰ-ਉਧਰ ਭੱਜਣ ਲੱਗੇ ਅਤੇ ਦੇਖਦੇ ਹੀ ਦੇਖਦੇ ਸਾਰਾ ਬਾਗ ਲਾਸ਼ਾਂ ਨਾਲ ਭਰ ਗਿਆ। ਬੇਕਿੱਰਕ ਅੰਗਰੇਜ਼ ਫੌਜੀ ਭਾਰੀ ਬੂਟਾਂ ਨਾਲ ਲਾਸ਼ਾਂ ਨੂੰ ਲਿਤਾੜਦੇ ਹੋਏ ਗੋਲੀ ਚਲਾਈ ਜਾ ਰਹੇ ਸਨ। ਲੋਕ ਇਧਰ-ਉਧਰ ਭੱਜਦੇ ਅਤੇ ਇਕ ਬਿਨਾਂ ਮੌਣ ਵਾਲੇ ਚੌੜੇ ਖੂਹ ਵਿਚ ਜਾ ਗਿਰਦੇ ਅਤੇ ਖੂਹ ਲਾਸ਼ਾਂ ਨਾਲ ਭਰ ਗਿਆ। ਬਾਗ ਦੀਆਂ ਕੰਧਾਂ ’ਤੇ ਗੋਲੀਆਂ ਦੇ ਨਿਸ਼ਾਨ ਹੀ ਨਿਸ਼ਾਨ ਨਜ਼ਰ ਆ ਰਹੇ ਸਨ।ਬਾਗ ਵਿਚ ਫੌਜੀਆਂ ਤੋਂ ਬਿਨਾਂ ਕੋਈ ਵੀ ਵਿਅਕਤੀ ਚਲਦਾ-ਫਿਰਦਾ ਨਜ਼ਰ ਨਹੀਂ ਸੀ ਆ ਰਿਹਾ ਜੇਕਰ ਕੋਈ ਵਿਅਕਤੀ ਮਾੜੀ-ਮੋਟੀ ਗਰਦਨ ਉੱਪਰ ਚੁੱਕ ਕੇ ਪਾਣੀ ਮੰਗਦਾ ਤਾਂ ਫੌਜੀ ਉਸ ਨੂੰ ਬੰਦੂਕ ਦੇ ਬੱਟ ਨਾਲ ਮਾਰਦੇ। ਕੋਈ ਸਵਾ ਘੰਟਾ ਇਹ ਮੌਤ ਦਾ ਖੇਡ ਚੱਲਦਾ ਰਿਹਾ। ਵਿਸਾਖੀ ਦੇ ਦਿਹਾੜੇ ’ਤੇ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿਖੇ ਜਨਰਲ ਡਾਇਰ ਦੇ ਹੁਕਮ ਨਾਲ 1300 ਤੋਂ ਵੱਧ ਪੰਜਾਬੀ ਬੱਚੇ, ਬੁੱਢੇ ਅਤੇ ਜਵਾਨ ਗੋਲੀਆਂ ਨਾਲ ਭੁੰਨ ਸੁੱਟੇ ਜਿਨ੍ਹਾਂ ਵਿਚ 799 ਸਿੱਖ ਸਨ। ਇਨ੍ਹਾਂ ਵਿਚ ਇਕ ਸੱਤ ਹਫਤੇ ਦਾ ਬੱਚਾ ਵੀ ਸੀ। ਇਕ ਅੰਦਾਜ਼ੇ ਅਨੁਸਾਰ ਫੌਜ ਨੇ 1650 ਕਾਰਤੂਸ ਚਲਾਏ। ਇਸ ਖੂਨੀ ਕਹਿਰ ਦਾ ਬਦਲਾ 21 ਸਾਲ ਬਾਦ ਸ. ਊਧਮ ਸਿੰਘ ਨੇ ਲੰਡਰ ਜਾ ਕੇ ਸਰ ਮਾਇਕਲ ਓਡਵਾਇਰ ਨੂੰ ਗੋਲੀਆਂ ਨਾਲ ਭੁੰਨਕੇ ਲਿਆ। * 13 ਅਪ੍ਰੈਲ 1978 ਨੂੰ ਵਾਪਰਿਆ ਨਿਰੰਕਾਰੀ ਕਾਂਡ ਸਿੱਖ ਇਤਿਹਾਸ ਵਿਚ ਉਹ Turning Point ਹੋ ਨਿਬੜਿਆ। 'ਨਿਰੰਕਾਰੀ' ਗੁਰੂਡੰਮ ਦਾ ਮੁਖੀ ਗੁਰਬਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਕਰਦਾ ਸੀ। ਉਸਨੇ 'ਪੰਜ ਪਿਆਰਿਆਂ' ਦੀ ਥਾਂ 'ਸੱਤ ਸਿਤਾਰੇ' ਸਾਜੇ ਤੇ ਉਚੇ ਆਸਨ ਤੇ ਬਹਿੰਦਾ ਸੀ। ਆਪਣੇ ਲਿਖਵਾਏ ਗਰੰਥ 'ਅਵਤਾਰ ਬਾਣੀ' ਨੂੰ ਗੁਰਬਾਣੀ ਦੇ ਤੁਲ ਦੱਸਦਾ ਸੀ। 3 ਅਪ੍ਰੈਲ 1978 ਦੀ ਵਿਸਾਖੀ ਸਿੱਖ ਇਤਿਹਾਸ ਵਿਚ ਇਕ ਬੜੀ ਅਹਿਮ ਤਰੀਕ ਬਣ ਗਈ ਹੈ। ਇਸ ਦਿਨ ਅੰਮ੍ਰਿਤਸਰ ਵਿਚ ਦਮਦਮੀ ਟਕਸਾਲ ਤੇ ਅਖੰਡ ਕੀਰਤਨੀ ਜਥੇ ਨੇ ਆਪਣੇ-ਆਪਣੇ ਪ੍ਰੋਗਰਾਮ ਉਲੀਕੇ ਹੋਏ ਸਨ। ਕਿਸੇ ਨੇ ਦੱਸਿਆ ਕਿ ਸ਼ਹਿਰ ਵਿਚ ਨਕਲ਼ੀ ਨਿਰੰਕਾਰੀਆਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਜਲੂਸ ਕੱਢਿਆ ਹੈ ਤੇ ਗੁਰਬਚਨੇ ਦੀ ਘਰ-ਵਾਲੀ ਕੁਲਵੰਤ ਕੌਰ ਪਾਲਕੀ ਵਿਚ ਬਿਠਾਈ ਹੋਈ ਹੈ। ਇਸ ਕੂੜ ਨੂੰ ਰੋਕਣ ਲਾਇ ਦਮਦਮੀ ਟਕਸਾਲ ਤੇ ਅਖੰਡ ਕੀਰਤਨੀ ਜਥੇ ਦੇ ਸਿੰਘ ਵਾਹਿਗੁਰੂ ਦਾ ਜਾਪ ਕਰਦੇ ਰੇਲਵੇ ਕਲੋਨੀ, ਬੀ-ਬਲਾਕ (ਅੰਮ੍ਰਿਤਸਰ) ਵੱਲ ਤੁਰ ਪਾਏ। ਓਥੇ ਪੁਲਿਸ ਨਾਲ ਅਜੇ ਗੱਲਬਾਤ ਚਲ ਰਹੀ ਸੀ ਕਿ ਗੁਰਬਚਨੇ ਦੇ ਚੇਲਿਆਂ ਨੇ ਸਿੰਘਾਂ ਤੇ ਗੋਲੀਆਂ ਚਲਾ ਦਿੱਤੀਆਂ। ਇਸ ਸ਼ਹੀਦੀ ਸਾਕੇ ਵਿਚ ਭਾਈ ਫੌਜਾ ਸਿੰਘ ਸਮੇਤ 13 ਸਿੰਘ ਸ਼ਹੀਦ ਹੋਏ। ਇਹ ਸਨ ਉਹ ਵਿਸਾਖੀਆਂ ਜੋ ਇਤਿਹਾਸ ਵਿਚ ਗੂੜੇ ਅੱਖਰਾਂ ਵਿਚ ਲਿਖੀਆਂ ਗਈਆਂ। ਅੱਜ ਸਿੱਖ ਕੌਮ ਭਾਵੇਂ ਕਿ ਗਿਣਤੀ ਵਿਚ ਥੋੜੀ ਹੈ ਪਰ ਇਸ ਕੌਮ ਵਲੋਂ ਇਹਨੇ ਥੋੜੇ ਸਮੇਂ ਵਿਚ ਮਾਨਵਤਾ ਲਈ,ਪੂਰੀ ਦੁਨੀਆ ਲਈ ਕੀਤੀਆਂ ਸੇਵਾਵਾਂ ਦੀ ਮਿਸਾਲ ਕੋਈ ਨਹੀਂ। ਅੱਜ ਦੀ ਵਿਸਾਖੀ,ਖਾਲਸਾ ਸਾਜਨਾ ਦਿਹਾੜਾ ਸਭ ਨੂੰ ਬਹੁਤ ਬਹੁਤ ਮੁਬਾਰਕ,ਅਕਾਲ ਪੁਰਖ ਸਭ ਨੂੰ ਆਪਣੇ ਚਰਨਾਂ ਨਾਲ ਜੋੜਕੇ ਰੱਖੇ ਤੇ ਇਸ ਸਮੇਂ ਦੁਨੀਆਭਰ ਤੇ ਆਈ ਕੋਰੋਨਾ ਦੀ ਆਫ਼ਤ ਤੋਂ ਬਚਾਕੇ ਸੰਸਾਰ ਦਾ ਭਲਾ ਕਰੇ,ਧੰਨਵਾਦ।