Video paused

ਜਦੋਂ ਹੋਈ \'ਕਰਾਮਾਤ\' | Panja Sahib | Surkhab TV

Playing next video...

ਜਦੋਂ ਹੋਈ \'ਕਰਾਮਾਤ\' | Panja Sahib | Surkhab TV

Surkhab Tv
Followers

ਜਦੋਂ ਹੋਈ 'ਕਰਾਮਾਤ' | Panja Sahib | Surkhab TV …ਤੇ ਫਿਰ ਬਾਬਾ ਨਾਨਕ ਵਿਚਰਦੇ ਹੋਏ ਹਸਨ ਅਬਦਾਲ ਦੇ ਜੰਗਲ ਵਿਚ ਜਾ ਨਿਕਲੇ। ਗਰਮੀ ਡਾਢੀ ਸੀ। ਚਿਲਚਲਾਂਦੀ ਹੋਈ ਧੁੱਪ, ਜਿਵੇਂ ਕਾਂ ਦੀ ਅੱਖ ਨਿਕਲਦੀ ਹੋਵੇ। ਚਹੁੰਆਂ ਪਾਸੇ ਸੁੰਨਸਾਨ ਪੱਥਰ ਹੀ ਪੱਥਰ, ਰੇਤ ਹੀ ਰੇਤ। ਝੁਲਸੀਆਂ ਹੋਈਆਂ ਝਾੜੀਆਂ, ਸੁੱਕੇ ਹੋਏ ਦਰੱਖ਼ਤ। ਦੂਰ ਦੂਰ ਤੀਕ ਕੋਈ ਬੰਦਾ ਬਣਿ-ਆਦਮ ਨਜ਼ਰੀਂ ਨਹੀਂ ਸੀ ਆਉਂਦਾ।” “ਤੇ ਫਿਰ ਅੰਮੀ,” ਮੈਂ ਹੁੰਗਾਰਾ ਭਰਿਆ। “ਬਾਬਾ ਨਾਨਕ ਅਪਣੇ ਧਿਆਨ ਵਿਚ ਮਗਨ ਤੁਰਦੇ ਜਾ ਰਹੇ ਸਨ ਕਿ ਮਰਦਾਨੇ ਨੂੰ ਪਿਆਸ ਲੱਗੀ। ਪਰ ਓਥੇ ਪਾਣੀ ਕਿਥੇ! ਬਾਬੇ ਨੇ ਕਿਹਾ, “ਮਰਦਾਨਿਆ ਸਬਰ ਕਰ ਲੈ, ਅਗਲੇ ਪਿੰਡ ਜਾ ਕੇ ਤੂੰ ਜਿਤਨਾ ਤੇਰਾ ਜੀਅ ਕਰੇ ਪਾਣੀ ਪੀ ਲਵੀਂ।” ਪਰ ਮਰਦਾਨੇ ਨੂੰ ਤੇ ਡਾਢੀ ਪਿਆਸ ਲੱਗੀ ਹੋਈ ਸੀ। ਬਾਬਾ ਨਾਨਕ ਇਹ ਸੁਣ ਕੇ ਫ਼ਿਕਰਮੰਦ ਹੋਏ। ਇਸ ਜੰਗਲ ਵਿਚ ਪਾਣੀ ਤਾਂ ਦੂਰ-ਦੂਰ ਤਕ ਨਹੀਂ ਸੀ ਤੇ ਜਦੋਂ ਮਰਦਾਨਾ ਅੜੀ ਕਰ ਬੈਠਦਾ, ਤਾਂ ਸਭ ਲਈ ਬੜੀ ਮੁਸ਼ਕਿਲ ਕਰ ਦਿੰਦਾ ਸੀ। ਬਾਬੇ ਫੇਰ ਸਮਝਾਇਆ, “ਮਰਦਾਨਿਆ ! ਇਥੇ ਪਾਣੀ ਕਿਤੇ ਵੀ ਨਹੀਂ, ਤੂੰ ਸਬਰ ਕਰ ਲੈ, ਰੱਬ ਦਾ ਭਾਣਾ ਮੰਨ।” ਪਰ ਮਰਦਾਨਾ ਤਾਂ ਉਥੇ ਦਾ ਉਥੇ ਹੀ ਬੈਠ ਗਿਆ। ਇਕ ਕਦਮ ਹੋਰ ਉਸ ਤੋਂ ਅੱਗੇ ਨਹੀਂ ਸੀ ਤੁਰਿਆ ਜਾਂਦਾ। ਸਤਿਗੁਰੂ ਉਸਨੂੰ ਵੇਖ ਕੇ ਮੁਸਕਰਾਏ ਤੇ ਕਹਿਣ ਲੱਗੇ, “ਭਾਈ ਮਰਦਾਨਿਆ! ਇਸ ਪਹਾੜੀ ਉੱਤੇ ਇਕ ਕੁਟੀਆ ਹੈ, ਜਿਸ ਵਿਚ ਵਲੀ ਕੰਧਾਰੀ ਨਾਂ ਦਾ ਦਰਵੇਸ਼ ਰਹਿੰਦਾ ਹੈ। ਜੇ ਤੂੰ ਉਹਦੇ ਕੋਲ ਜਾਏਂ, ਤਾਂ ਤੈਨੂੰ ਪਾਣੀ ਮਿਲ ਸਕਦਾ ਹੈ। ਇਸ ਇਲਾਕੇ ਵਿਚ ਬਸ ਉਹਦਾ ਖੂਹ ਪਾਣੀ ਨਾਲ ਭਰਿਆ ਹੋਇਆ ਹੈ, ਹੋਰ ਕਿਤੇ ਵੀ ਪਾਣੀ ਨਹੀਂ।” “ਤੇ ਫਿਰ ਅੰਮੀ,” ਮੈਂ ਬੇਚੈਨ ਹੋ ਰਿਹਾ ਸਾਂ ਇਹ ਜਾਣਨ ਲਈ ਕਿ ਮਰਦਾਨੇ ਨੂੰ ਪਾਣੀ ਮਿਲਦਾ ਹੈ ਕਿ ਨਹੀਂ ? “ਮਰਦਾਨੇ ਨੂੰ ਪਿਆਸ ਡਾਢੀ ਲੱਗੀ ਹੋਈ ਸੀ, ਸੁਣਦਿਆਂ-ਸਾਰ ਪਹਾੜੀ ਵਲ ਦੌੜ ਪਿਆ। ਕੜਕਦੀ ਦੁਪਹਿਰ, ਉਧਰੋਂ ਪਿਆਸ, ਉਧਰੋਂ ਪਹਾੜੀ ਦਾ ਸਫ਼ਰ, ਸਾਹੋ-ਸਾਹੀ, ਪਸੀਨੋ-ਪਸੀਨਾ ਹੋਇਆ ਮਰਦਾਨਾ ਬੜੀ ਮੁਸ਼ਕਿਲ ਨਾਲ ਪਹਾੜੀ ਉੱਤੇ ਪੁੱਜਾ। ਵਲੀ ਕੰਧਾਰੀ ਨੂੰ ਸਲਾਮ ਕਰ ਉਸਨੇ ਪਾਣੀ ਲਈ ਬੇਨਤੀ ਕੀਤੀ। ਵਲੀ ਕੰਧਾਰੀ ਨੇ ਖੂਹ ਵੱਲ ਇਸ਼ਾਰਾ ਕੀਤਾ। ਜਦੋਂ ਮਰਦਾਨਾ ਖੂਹ ਵੱਲ ਜਾਣ ਲੱਗਾ, ਤਾਂ ਵਲੀ ਕੰਧਾਰੀ ਦੇ ਮਨ ਵਿਚ ਕੁਝ ਆਇਆ ਤੇ ਉਸਨੇ ਮਰਦਾਨੇ ਤੋਂ ਪੁੱਛਿਆ, ‘ਭਲੇ ਲੋਕ ਤੂੰ ਕਿਥੋਂ ਆਇਆ ਏਂ?’ ਮਰਦਾਨੇ ਕਿਹਾ, ‘ਮੈਂ ਬਾਬੇ ਨਾਨਕ ਦਾ ਸਾਥੀ ਹਾਂ। ਅਸੀਂ ਤੁਰਦੇ-ਤੁਰਦੇ ਇਧਰ ਆ ਨਿਕਲੇ ਹਾਂ। ਮੈਨੂੰ ਪਿਆਸ ਡਾਢੀ ਲੱਗੀ ਹੈ ਤੇ ਹੇਠਾਂ ਕਿਤੇ ਪਾਣੀ ਨਹੀਂ।’ ਬਾਬੇ ਨਾਨਕ ਦਾ ਨਾਂ ਸੁਣ ਕੇ ਵਲੀ ਕੰਧਾਰੀ ਨੂੰ ਡਾਢਾ ਕ੍ਰੋਧ ਆ ਗਿਆ ਤੇ ਉਸ ਮਰਦਾਨੇ ਨੂੰ ਅਪਣੀ ਕੁਟੀਆ ਵਿੱਚੋਂ ਉਂਜ ਦਾ ਉਂਜ ਬਾਹਰ ਕੱਢ ਦਿੱਤਾ। ਥੱਕਿਆ-ਹਾਰਿਆ ਮਰਦਾਨਾ ਹੇਠ ਬਾਬੇ ਨਾਨਕ ਕੋਲ ਆ ਕੇ ਫ਼ਰਿਆਦੀ ਹੋਇਆ। ਬਾਬੇ ਨਾਨਕ ਨੇ ਉਸ ਤੋਂ ਸਾਰੀ ਵਿਥਿਆ ਸੁਣੀ ਤੇ ਮੁਸਕਰਾ ਪਏ, ‘ਮਰਦਾਨਿਆ! ਤੂੰ ਇਕ ਵਾਰ ਫੇਰ ਜਾ’, ਬਾਬੇ ਨਾਨਕ ਨੇ ਮਰਦਾਨੇ ਨੂੰ ਸਲਾਹ ਦਿੱਤੀ। ‘ਇਸ ਵਾਰ ਤੂੰ ਨਿਮਰਤਾ ਨਾਲ ਝਿੱਕਾ ਦਿਲ ਲੈ ਕੇ ਜਾ। ਕਹੀਂ, ਮੈਂ ਨਾਨਕ ਦਰਵੇਸ਼ ਦਾ ਸਾਥੀ ਹਾਂ।’ ਮਰਦਾਨੇ ਨੂੰ ਪਿਆਸ ਡਾਢੀ ਲੱਗੀ ਸੀ। ਪਾਣੀ ਹੋਰ ਕਿਤੇ ਹੈ ਨਹੀਂ ਸੀ । ਖਪਦਾ, ਕ੍ਰਿਝਦਾ, ਸ਼ਿਕਾਇਤ ਕਰਦਾ ਫੇਰ ਉੱਤੇ ਤੁਰ ਪਿਆ। ਪਰ ਪਾਣੀ ਵਲੀ ਕੰਧਾਰੀ ਨੇ ਫੇਰ ਨਾ ਦਿੱਤਾ। “ਮੈਂ ਇਕ ਕਾਫ਼ਰ ਦੇ ਸਾਥੀ ਨੂੰ ਪਾਣੀ ਦੀ ਚੁੱਲੀ ਵੀ ਨਹੀਂ ਦਿਆਂਗਾ।’ ਵਲੀ ਕੰਧਾਰੀ ਨੇ ਮਰਦਾਨੇ ਨੂੰ ਫੇਰ ਉਂਜ ਦਾ ਉਂਜ ਮੋੜ ਦਿੱਤਾ। ਜਦੋਂ ਮਰਦਾਨਾ ਇਸ ਵਾਰ ਹੇਠ ਆਇਆ, ਤਾਂ ਉਸਦਾ ਬੁਰਾ ਹਾਲ ਸੀ। ਉਸਦੇ ਹੋਠਾਂ ਉੱਤੇ ਪੇਪੜੀ ਜੰਮੀ ਹੋਈ ਸੀ। ਮੂੰਹ ਉੱਤੇ ਤਰੇਲੀਆਂ ਛੁਟੀਆਂ ਹੋਈਆਂ ਸਨ। ਇੰਜ ਜਾਪਦਾ ਸੀ ਮਰਦਾਨਾ ਬਸ ਘੜੀ ਹੈ ਕਿ ਪਲ। ਬਾਬੇ ਨਾਨਕਨੇ ਸਾਰੀ ਗੱਲ ਸੁਣੀ ਤੇ ਮਰਦਾਨੇ ਨੂੰ ‘ਧੰਨ ਨਿਰੰਕਾਰ’ ਕਹਿ ਕੇ ਇਕ ਵਾਰ ਫੇਰ ਵਲੀ ਕੋਲ ਜਾਣ ਲਈ ਕਿਹਾ। ਹੁਕਮ ਦਾ ਬੱਧਾ ਮਰਦਾਨਾ ਤੁਰ ਪਿਆ। ਪਰ ਉਸਨੂੰ ਪਤਾ ਸੀ ਕਿ ਉਸਦੀ ਜਾਨ ਰਸਤੇ ਵਿਚ ਹੀ ਕਿਤੇ ਨਿਕਲ ਜਾਵੇਗੀ। ਮਰਦਾਨਾ ਤੀਜੀ ਵਾਰ ਪਹਾੜੀ ਦੀ ਚੋਟੀ ਉੱਤੇ ਵਲੀ ਕੰਧਾਰੀ ਦੇ ਚਰਨਾਂ ਵਿਚ ਜਾ ਡਿੱਗਾ। ਕਰੋਧ ਵਿਚ ਬਲ ਰਹੇ ਫ਼ਕੀਰ ਨੇ ਉਸਦੀ ਬੇਨਤੀ ਨੂੰ ਇਸ ਵਾਰ ਵੀ ਠੁਕਰਾ ਦਿੱਤਾ। ‘ਨਾਨਕ ਅਪਣੇ ਆਪ ਨੂੰ ਪੀਰ ਅਖਵਾਉਂਦਾ ਹੈ, ਤਾਂ ਆਪਣੇ ਮੁਰੀਦ ਨੂੰ ਪਾਣੀ ਦਾ ਘੁਟ ਨਹੀਂ ਪਿਲਾ ਸਕਦਾ?’ ਵਲੀ ਕੰਧਾਰੀ ਨੇ ਲੱਖ-ਲੱਖ ਸੁਣਾਵਤਾਂ ਸੁੱਟੀਆਂ। ਮਰਦਾਨਾ ਇਸ ਵਾਰ ਜਦੋਂ ਹੇਠ ਪੁੱਜਾ, ਪਿਆਸ ਵਿਚ ਬਿਹਬਲ ਬਾਬੇ ਨਾਨਕ ਦੇ ਚਰਨਾਂ ਵਿਚ ਉਹ ਬੇਹੋਸ਼ ਹੋ ਗਿਆ। ਗੁਰੂ ਨਾਨਕ ਨੇ ਮਰਦਾਨੇ ਦੀ ਕੰਡ ਉੱਤੇ ਹੱਥ ਫੇਰਿਆ। ਉਸਨੂੰ ਹੌਸਲਾ ਦਿੱਤਾ ਤੇ ਜਦੋਂ ਮਰਦਾਨੇ ਨੇ ਅੱਖ ਖੋਲ੍ਹੀ, ਬਾਬੇ ਨੇ ਉਸਨੂੰ ਸਾਹਮਣੇ ਪੱਥਰ ਪੁੱਟਣ ਲਈ ਕਿਹਾ। ਮਰਦਾਨੇ ਨੇ ਪੱਥਰ ਪੁੱਟਿਆ ਤੇ ਹੇਠੋਂ ਪਾਣੀ ਦਾ ਝਰਨਾ ਫੁਟ ਨਿਕਲਿਆ। ਜਿਵੇਂ ਨਹਿਰ ਪਾਣੀ ਦੀ ਵਗਣ ਲਗ ਪਈ! ਤੇ ਵੇਖਦਿਆਂ- ਵੇਖਦਿਆਂ ਚਹੁੰ ਪਾਸੇ ਪਾਣੀ ਹੀ ਪਾਣੀ ਹੋ ਗਿਆ। ਇੰਨੇ ਵਿਚ ਵਲੀ ਕੰਧਾਰੀ ਨੂੰ ਪਾਣੀ ਦੀ ਲੋੜ ਪਈ। ਖੂਹ ਵਿਚ ਵੇਖੇ, ਤਾਂ ਪਾਣੀ ਦੀ ਇਕ ਸਿਪ ਵੀ ਨਹੀਂ ਸੀ। ਵਲੀ ਕੰਧਾਰੀ ਡਾਢਾ ਅਸਚਰਜ ਹੋਇਆ। ਤੇ ਹੇਠ ਪਹਾੜੀ ਦੇ ਕਦਮਾਂ ਵਿਚ ਕੱਠੇ ਵਗ ਰਹੇ ਸਨ; ਚਸ਼ਮੇ ਫੁੱਟੇ ਹੋਏ ਸਨ। ਦੂਰ ਬਹੁਤ ਦੂਰ ਕਿੱਕਰ ਹੇਠ ਵਲੀ ਕੰਧਾਰੀ ਨੇ ਵੇਖਿਆ, ਬਾਬਾ ਨਾਨਕ ਤੇ ਉਸਦਾ ਸਾਥੀ ਬੈਠੇ ਸਨ। ਗ਼ੁੱਸੇ ਵਿਚ ਆ ਕੇ ਵਲੀ ਨੇ ਚੱਟਾਨ ਦੇ ਇਕ ਟੁਕੜੇ ਨੂੰ ਅਪਣੇ ਪੂਰੇ ਜ਼ੋਰ ਨਾਲ ਉੱਤੋਂ ਰੇੜ੍ਹਿਆ। ਇੰਜ ਪਹਾੜੀ ਦੀ ਪਹਾੜੀ ਨੂੰ ਅਪਣੀ ਵਲ ਰਿੜ੍ਹਦੀ ਆਉਂਦੀ ਵੇਖ ਮਰਦਾਨਾ ਚਿਚਲਾ ਉੱਠਿਆ। ਬਾਬੇ ਨਾਨਕ ਨੇ ਠਰ੍ਹੰਮੇ ਨਾਲ ਮਰਦਾਨੇ ਨੂੰ ‘ਧੰਨ ਨਿਰੰਕਾਰ’ ਕਹਿਣ ਲਈ ਕਿਹਾ ਤੇ ਜਦੋਂ ਪਹਾੜੀ ਦਾ ਟੁਕੜਾ ਬਾਬੇ ਦੇ ਸਿਰ ਕੋਲ ਆਇਆ, ਗੁਰੂ ਨਾਨਕ ਨੇ ਉਸਨੂੰ ਹੱਥ ਦੇ ਕੇ ਅਪਣੇ ਪੰਜੇ ਨਾਲ ਰੋਕ ਲਿਆ ਤੇ ਹਸਨ ਅਬਦਾਲ ਵਿਚ, ਜਿਸਦਾ ਨਾਂ ਹੁਣ ਪੰਜਾ ਸਾਹਿਬ ਹੈ, ਅਜੇ ਤੀਕ ਪਹਾੜੀ ਦੇ ਟੁੱਕੜੇ ਉੱਤੇ ਬਾਬੇ ਨਾਨਕ ਦਾ ਪੰਜਾ ਲੱਗਾ ਹੋਇਆ ਹੈ।” ਮੈਨੂੰ ਇਹ ਸਾਖੀ ਡਾਢੀ ਚੰਗੀ ਲਗ ਰਹੀ ਸੀ ਪਰ ਜਦੋਂ ਮੈਂ ਇਹ ਹੱਥ ਨਾਲ ਪਹਾੜੀ ਰੋਕਣ ਵਾਲੀ ਗੱਲ ਸੁਣੀ, ਤਾਂ ਮੇਰੇ ਮੂੰਹ ਦਾ ਸੁਆਦ ਫਿੱਕਾ-ਜਿਹਾ ਹੋ ਗਿਆ। ਇਹ ਕਿਸ ਤਰ੍ਹਾਂ ਹੋ ਸਕਦਾ ਸੀ? ਕੋਈ ਆਦਮੀ ਪਹਾੜੀ ਨੂੰ ਕਿਸ ਤਰ੍ਹਾਂ ਰੋਕ ਸਕਦਾ ਏ? ਤੇ ਪਹਾੜੀ ਵਿਚ ਅਜੇ ਤੀਕ ਬਾਬੇ ਨਾਨਕ ਦਾ ਪੰਜਾ ਲੱਗਿਆ ਹੋਇਆ ਹੈ! ਮੈਨੂੰ ਜ਼ਰਾ ਨਾ ਇਤਬਾਰ ਆਉਂਦਾ। “ਬਾਅਦ ਵਿਚ ਕਿਸੇ ਨੇ ਖੁਣ ਦਿੱਤਾ ਹੋਣਾ ਏ।” ਮੈਂ ਅਪਣੀ ਮਾਂ ਨਾਲ ਕਿੰਨਾ ਚਿਰ ਬਹਿਸ ਕਰਦਾ ਰਿਹਾ। ਮੈਂ ਇਹ ਤੇ ਮੰਨ ਸਕਦਾ ਸਾਂ ਕਿ ਪੱਥਰ ਹੇਠੋਂ ਪਾਣੀ ਫੁਟ ਆਵੇ। ਸਾਇੰਸ ਨੇ ਕਈ ਤਰੀਕੇ ਕੱਢੇ ਹਨ, ਜਿਨ੍ਹਾਂ ਨਾਲ ਜਿਸ ਥਾਂ ਪਾਣੀ ਹੋਵੇ ਉਸਦਾ ਪਤਾ ਲਾਇਆ ਜਾ ਸਕਦਾ ਹੈ, ਪਰ ਕਿਸੇ ਇਨਸਾਨ ਦਾ ਰਿੜ੍ਹੀ ਆ ਰਹੀ ਪਹਾੜੀ ਨੂੰ ਰੋਕ ਲੈਣਾ, ਮੈਂ ਇਹ ਨਹੀਂ ਮੰਨ ਸਕਦਾ ਸਾਂ। ਮੈਂ ਨਹੀਂ ਮੰਨਦਾ ਸਾਂ ਤੇ ਮੇਰੀ ਮਾਂ ਮੇਰੇ ਮੂੰਹ ਵਲ ਵੇਖ ਕੇ ਚੁੱਪ ਕਰ ਗਈ। “ਕੋਈ ਰਿੜ੍ਹੀ ਆ ਰਹੀ ਪਹਾੜੀ ਨੂੰ ਕਿਵੇਂ ਰੋਕ ਸਕਦਾ ਹੈ?” ਮੈਨੂੰ ਜਦੋਂ ਵੀ ਇਸ ਸਾਖੀ ਦਾ ਖ਼ਿਆਲ ਆਉਂਦਾ ਮੈਂ ਫਿੱਕੀ ਹਾਸੀ ਹੱਸ ਦਿੰਦਾ। ਕਈ ਵਾਰੀ ਗੁਰਦੁਆਰੇ ਵਿਚ ਇਹ ਸਾਖੀ ਸੁਣਾਈ ਗਈ। ਪਰ ਪਹਾੜੀ ਨੂੰ ਪੰਜੇ ਨਾਲ ਰੋਕਣ ਵਾਲੀ ਗੱਲ ਉੱਤੇ ਮੈਂ ਹਮੇਸ਼ ਸਿਰ ਮਾਰਦਾ ਰਹਿੰਦਾ। ਇਹ ਗੱਲ ਮੈਥੋਂ ਨਹੀਂ ਮੰਨੀ ਜਾ ਸਕਦੀ ਸੀ।

Show more